ਆਪ’ ਸਰਕਾਰ ਹਰ ਮੋਰਚੇ ’ਤੇ ਫ਼ੇਲ੍ਹ, ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ: ਕੁਲਦੀਪ ਸਿੰਘ ਟਾਂਡੀ

ਆਪ’ ਸਰਕਾਰ ਹਰ ਮੋਰਚੇ ’ਤੇ ਫ਼ੇਲ੍ਹ, ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ: ਕੁਲਦੀਪ ਸਿੰਘ ਟਾਂਡੀ

ਕਾਨੂੰਨ ਵਿਵਸਥਾ ਤੋਂ ਲੈ ਕੇ ਰੁਜ਼ਗਾਰ ਤੱਕ ‘ਆਪ’ ਸਰਕਾਰ ਨਾਕਾਮ, ਪੰਜਾਬ ਦੀ ਜਵਾਨੀ ਦਾ ਭਵਿੱਖ ਖਤਰੇ ’ਚ: ਕੁਲਦੀਪ ਸਿੰਘ ਟਾਂਡੀ ਕਪੂਰਥਲਾ, (ਇੰਦਰਜੀਤ ਚਾਹਲ) ਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ, ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਯੂਥ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਕੁਲਦੀਪ ਸਿੰਘ ਟਾਂਡੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਬਦਲਾਅ ਦੇ ਵੱਡੇ-ਵੱਡੇ ਦਾਅਵੇ ਕਰਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਅੱਜ ਹਰ ਮੋਰਚੇ ’ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਚੁੱਕੀ ਹੈ। ਸ. ਟਾਂਡੀ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਜਿਸ ਕਾਰਨ ਆਮ ਲੋਕਾਂ ਅਤੇ ਵਪਾਰੀ ਵਰਗ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੀ ਹੈ, ਪਰ ਸਰਕਾਰ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਦੀ ਬਜਾਏ ਮਸ਼ਹੂਰੀਆਂ 'ਚ ਮਸਰੂਫ਼ ਹੈ। ਉਨ੍ਹਾਂ ਪੇਪਰ ਲੀਕ ਮਾਮਲਿਆਂ ਅਤੇ ਵੱਧ ਰਹੀ ਬੇਰੁਜ਼ਗਾਰੀ ’ਤੇ ਵੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸੁਰੱਖਿਅਤ ਭਵਿੱਖ ਦੇਣ ਦੀ ਬਜਾਏ ਸਰਕਾਰ ਉਨ੍ਹਾਂ ਦੀਆਂ ਉਮੀਦਾਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਸਿਰ ਵਧ ਰਿਹਾ ਕਰਜ਼ਾ ਪੰਜਾਬ ਦੀ ਆਰਥਿਕਤਾ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਟਾਂਡੀ ਨੇ ਕਿਹਾ ਕਿ ਸੂਬੇ ਦਾ ਮੁਲਾਜ਼ਮ ਵਰਗ ਵੀ ਸਰਕਾਰ ਦੀਆਂ ਨੀਤੀਆਂ ਅਤੇ ਅਣਗਹਿਲੀ ਕਾਰਨ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਆਏ ਦਿਨ ਹੜਤਾਲਾਂ, ਧਰਨੇ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਰਿਹਾ ਹੈ। ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨ ਦੀ ਬਜਾਏ ਸਰਕਾਰ ਵੱਲੋਂ ਟਾਲਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਸਰਕਾਰੀ ਤੰਤਰ ਵਿੱਚ ਵੀ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਹਰ ਵਰਗ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਅੱਜ ਉਸੇ ਸਰਕਾਰ ਦੇ ਰਾਜ ਵਿੱਚ ਹਰ ਵਰਗ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੈ। ਸ. ਟਾਂਡੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਹਿੱਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਦੀ ਆਵਾਜ਼ ਨੂੰ ਹਰ ਮੰਚ ’ਤੇ ਬੁਲੰਦ ਕੀਤਾ ਜਾਵੇਗਾ।