ਨੌਸ਼ਹਿਰਾ ਪੰਨੂੰਆਂ ਚੋਣ ਅਪਡੇਟ: 820 ਵੋਟਾਂ ਰੱਦ, 357 ਵੋਟਾਂ NO-ਟਾ

ਨੌਸ਼ਹਿਰਾ ਪੰਨੂੰਆਂ ਚੋਣ ਅਪਡੇਟ: 820 ਵੋਟਾਂ ਰੱਦ, 357 ਵੋਟਾਂ NO-ਟਾ

ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਬੁੱਧਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। 141 ਮਾਈਕਰੋ ਅਬਜ਼ਰਵਰਾਂ ਦੀ ਮੌਜੂਦਗੀ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਜਾਰੀ ਹੈ। ਸੂਬੇ ਭਰ ਵਿੱਚ ਬਣਾਏ ਗਏ 154 ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ ਤੱਕ ਮੁਕੰਮਲ ਸਥਿਤੀ ਸਪੱਸ਼ਟ ਹੋਣ ਦੀ ਸੰਭਾਵਨਾ ਹੈ।
 

ਵੋਟਾਂ ਬੈਲੇਟ ਪੇਪਰਾਂ ਰਾਹੀਂ ਹੋਈਆਂ ਸਨ, ਇਸ ਲਈ ਰਾਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ ਅਤੇ ਅੰਤਿਮ ਨਤੀਜੇ ਦੇਰ ਰਾਤ ਐਲਾਨੇ ਜਾਣਗੇ। ਉਧਰ ਜਿਵੇਂ ਹੀ ਗਿਣਤੀ ਸ਼ੁਰੂ ਹੋਈ, ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਵਰਕਰਾਂ ਅਤੇ ਪੋਲਿੰਗ ਏਜੰਟਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ। ਪਟਿਆਲਾ ਵਿੱਚ, ਅਕਾਲੀ ਦਲ ਦੇ ਵਰਕਰਾਂ ਨੇ 'ਆਪ' ਆਗੂਆਂ 'ਤੇ ਨਾਭਾ ਰੋਡ 'ਤੇ ਸਥਿਤ ਪੋਲਿੰਗ ਸਟੇਸ਼ਨ 'ਤੇ ਜਾਣ ਤੋਂ ਆਪਣੇ ਏਜੰਟਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।

ਵਿਧਾਨ ਸਭਾ ਚੋਣਾਂ ਸਿਰਫ਼ 14 ਮਹੀਨੇ ਦੂਰ ਹੋਣ ਕਰਕੇ, ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿਚ ਸਿਆਸੀ ਤੌਰ 'ਤੇ ਗਰਮਜੋਸ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ। ਇਹ ਚੋਣਾਂ ਮਹੱਤਵਪੂਰਨ ਹਨ ਕਿਉਂਕਿ ਹਰੇਕ ਪਾਰਟੀ ਆਪਣੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੀ ਹੈ। ਹਰੇਕ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮੰਚ ਤਿਆਰ ਕਰਨ ਲਈ ਲੜ ਰਹੀ ਹੈ। 347 ਜ਼ਿਲ੍ਹਾ ਪਰਿਸ਼ਦਾਂ ਅਤੇ 2,838 ਪੰਚਾਇਤ ਸਮਿਤੀ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਨਾਲ ਅੱਜ 9,000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

ਕਾਬਿਲੇਗੌਰ ਹੈ ਕਿ 14 ਦਸੰਬਰ ਨੂੰ ਪੰਚਾਇਤੀ ਸੰਸਥਾਵਾਂ ਲਈ ਵੋਟਾਂ ਪਈਆਂ ਸਨ। ਇਨ੍ਹਾਂ ਚੋਣਾਂ ’ਚ ਕੁੱਲ ਨੌਂ ਹਜ਼ਾਰ ਤੋਂ ਵੱਧ ਉਮੀਦਵਾਰਾਂ ਬਾਰੇ ਅੱਜ ਫ਼ੈਸਲਾ ਹੋਵੇਗਾ। ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ 10,500 ਮੁਲਾਜ਼ਮ ਤਾਇਨਾਤ ਕੀਤੇ ਹਨ।ਇਨ੍ਹਾਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਨਤੀਜੇ ਸਿਆਸੀ ਧਿਰਾਂ ਦੀ ਦਿਹਾਤੀ ਪੰਜਾਬ ’ਚ ਪਕੜ ਮਾਪਣਗੇ।

ਰਾਜ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਸਨ। ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ’ਚ 141 ਥਾਵਾਂ ’ਤੇ ਵੋਟਾਂ ਦੀ ਗਿਣਤੀ ਦੇ ਪ੍ਰਬੰਧ ਕੀਤਾ ਗਿਆ ਹੈ। ਕੁੱਲ ਮਿਲਾ ਕੇ 154 ਗਿਣਤੀ ਕੇਂਦਰ ਬਣਾਏ ਗਏ ਹਨ। ਚੋਣ ਕਮਿਸ਼ਨ ਦੇ ਹੁਕਮਾਂ ’ਤੇ ਮੰਗਲਵਾਰ ਨੂੰ ਪੰਜ ਪਿੰਡਾਂ ਦੇ 16 ਪੋਲਿੰਗ ਬੂਥਾਂ ’ਤੇ ਮੁੜ ਵੋਟਾਂ ਪਈਆਂ ਸਨ।

ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ ਲਈ ਕੁੱਲ 1249 ਅਤੇ 153 ਪੰਚਾਇਤ ਸਮਿਤੀਆਂ ਦੇ 2838 ਜ਼ੋਨਾਂ ਲਈ 8098 ਉਮੀਦਵਾਰਾਂ ਨੇ ਚੋਣ ਲੜੀ। ਗੁਰਦਾਸਪੁਰ ਤੇ ਜਲੰਧਰ ਵਿੱਚ 11-11 ਅਤੇ ਅੰਮ੍ਰਿਤਸਰ ਤੇ ਸੰਗਰੂਰ ਵਿੱਚ 10-10 ਗਿਣਤੀ ਕੇਂਦਰ ਬਣਾਏ ਗਏ ਹਨ। ਜ਼ਿਲ੍ਹਾ ਪਰਿਸ਼ਦ ਦੇ 15 ਅਤੇ ਪੰਚਾਇਤ ਸਮਿਤੀਆਂ ਦੇ 181 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਹਨ।


ਤਰਨਤਾਰਨ: ਨੌਸ਼ਹਿਰਾ ਪੰਨੂੰਆਂ ਵਿੱਚ ਹੁਣ ਤੱਕ 820 ਵੋਟਾਂ ਰੱਦ, 357 ਨੇ ਨੋਟਾ ਨੂੰ ਪਾਈ ਵੋਟ

ਜਿਲ੍ਹਾ ਪਰਿਸ਼ਦ ਦੇ ਜ਼ੋਨ ਨੌਸ਼ਹਿਰਾ ਪੰਨੂੰਆਂ ਤੋਂ ਦੂਸਰੇ ਗੇੜ ਦੀ ਗਿਣਤੀ ਦਾ ਨਤੀਜਾ ਦਿਲਚਸਪ ਰਿਹਾ ਹੈ। ਇਸ ਜਨਰਲ ਜ਼ੋਨ ਤੋਂ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਅਤੇ ਕਾਂਗਰਸ ਪਾਰਟੀ ਦੀ ਬਲਜਿੰਦਰ ਕੌਰ ਵਿਚਾਲੇ ਮੁਕਾਬਲਾ ਹੈ। ‘ਆਪ’ ਦੀ ਉਮੀਦਵਾਰ ਬਲਜਿੰਦਰ ਕੌਰ 2059 ਵੋਟਾਂ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ 1925 ਤੋਂ ਅੱਗੇ ਹੈ, ਪਰ ਗਿਣਤੀ ਵਿੱਚ ਜਿੱਥੇ 820 ਵੋਟਾਂ ਰੱਦ ਹੋਈਆਂ ਹਨ ਉੱਥੇ ਨੋਟਾ (ਉਪਰੋਕਤ ਵਿੱਚੋਂ ਕਿਸੇ ਦੇ ਵੀ ਹੱਕ ਵਿੱਚ ਨਹੀਂ) ਨੂੰ 357 ਵੋਟਰਾਂ ਨੇ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਨੌਸ਼ਹਿਰਾ ਪੰਨੂੰਆਂ ਦੇ ਨੇੜੇ ਦੇ ਚੌਧਰੀਵਾਲਾ ਦੇ ਬਲਾਕ ਸਮਿਤੀ ਦੇ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਜਿੰਦਰ ਕੌਰ 734 ਵੋਟਾਂ ਲੈਣ ਤੇ ‘ਆਪ’ ਉਮੀਦਵਾਰ ਸਤਵਿੰਦਰ ਕੌਰ ਵਲੋਂ 578 ਵੋਟਾਂ ਲੈਣ ਕਰਕੇ ਅੱਗੇ ਚਲ ਰਹੀ ਹੈ।

ਜ਼ੋਨ ਜੰਡਿਆਲਾ ਗੁਰੂ ਵਿੱਚ ਪੰਚਾਇਤ ਸੰਮਤੀ ਦੇ ਨਤੀਜੇ ਆਉਣੇ ਸ਼ੁਰੂ, ਆਪ ਅੱਗੇ

ਜ਼ੋਨ ਜੰਡਿਆਲਾ ਗੁਰੂ ਵਿੱਚ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਦੌਰ ਵਿੱਚ ਇਹਨਾਂ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਬੜਤ ਬਣਾਈ ਹੈ। ਪਿੰਡ ਖੱਬੇ ਰਾਜਪੂਤਾਂ ਦੇ ਨਤੀਜਿਆਂ ਵਿੱਚ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ ਨੇ 1162 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਇੱਥੇ ਬੀਜੇਪੀ ਦੀ ਕੁਲਜੀਤ ਕੌਰ ਨੇ 885 ਵੋਟਾਂ ਅਤੇ ਨੋਟਾ ਨੂੰ 40 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਮਹਿਤਾ ਤੋਂ ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ ਨੂੰ 779 ਵੋਟਾਂ ਨਾਲ ਜਿੱਤੀ ਹੈ। ਕਾਂਗਰਸ ਦੀ ਮਨਦੀਪ ਕੌਰ ਨੂੰ 765 ਵੋਟਾਂ, ਅਕਾਲੀ ਦਲ ਦੀ ਮਨਦੀਪ ਕੌਰ ਨੂੰ 373 ਵੋਟਾਂ ਅਤੇ ਬੀਜੇਪੀ ਦੀ ਰਾਣੀ ਨੂੰ 60 ਵੋਟਾਂ ਮਿਲੀਆਂ ਹਨ। 

ਰਾਜਪੁਰਾ: ਬਲਾਕ ਸਮਿਤੀ ਦੇ ਦੂਜੇ ਗੇੜ ਵਿਚ ‘ਆਪ’ ਅੱਗੇ , ਕਾਂਗਰਸ ਦੂਜੇ ਨੰਬਰ 'ਤੇ

December 17, 2025 12:13 pm

ਬਲਾਕ ਸਮਿਤੀ ਰਾਜਪੁਰਾ ਦੇ ਦੋ ਗੇੜਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਗੇ ਚੱਲ ਰਹੇ ਹਨ। ਦੂਜੇ ਗੇੜ ਦੇ ਆਏ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੂੰ 3085 ਵੋਟਾਂ, ਕਾਂਗਰਸ ਪਾਰਟੀ ਨੂੰ 3038 ਤੇ ਸ਼੍ਰੋਮਣੀ ਅਕਾਲੀ ਦਲ ਨੂੰ 876 ਤੇ ਬੀਜੇਪੀ ਨੂੰ 862 ਵੋਟਾਂ ਪ੍ਰਾਪਤ ਹੋਈਆਂ ਹਨ।

ਬਠਿੰਡਾ: ਆਪ ਤੇ ਅਕਾਲੀ ਉਮੀਦਵਾਰ ਜੇਤੂ

December 17, 2025 12:09 pm

ਬਲਾਕ ਬਠਿੰਡਾ 'ਚ ਬਲਾਕ ਸਮਿਤੀ ਦੀਆਂ ਚੋਣਾਂ ਵਿੱਚ ਮਹਿਮਾ ਸਰਜਾ ਤੋਂ ਆਮ ਆਦਮੀ ਪਾਰਟੀ ਜਦੌਂਕਿ ਬਲਾਕ ਸਮਿਤੀ ਬਹਿਮਣ ਦੀਵਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ।

ਰਾਜਪੁਰਾ: ‘ਆਪ’ ਉਮੀਦਵਾਰ ਪੰਜ ਗੇੜਾਂ ਦੀ ਗਿਣਤੀ ਵਿਚ ਅੱਗੇ

December 17, 2025 12:08 pm

ਜ਼ਿਲ੍ਹਾ ਪਰਿਸ਼ਦ ਬਲਾਕ ਰਾਜਪੁਰਾ ਦੇ ਪੰਜ ਗੇੜਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵਿੰਦਰ ਸਿੰਘ ਅੱਗੇ ਚੱਲ ਰਹੇ ਹਨ। ਪੰਜ ਗੇੜਾਂ ਦੇ ਆਏ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵਿੰਦਰ ਸਿੰਘ ਨੂੰ 1105, ਕਾਂਗਰਸ ਦੇ ਉਮੀਦਵਾਰ ਅਮਰ ਸਿੰਘ 951, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਸਿੰਘ ਨੂੰ 322, ਭਾਜਪਾ ਦੇ ਉਮੀਦਵਾਰ ਰਵਿੰਦਰ ਸਿੰਘ ਨੂੰ 316, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਨੂੰ 49, ਨੋਟਾ ਨੂੰ 17 ਵੋਟਾਂ ਪੋਲ ਹੋਈਆਂ ਹਨ ਜਦੋਂ ਕਿ 128 ਵੋਟਾਂ ਰੱਦ ਹੋਈਆਂ ਹਨ। -ਦਰਸ਼ਨ ਸਿੰਘ ਮਿੱਠਾ

ਧਰਮਕੋਟ ਪੰਚਾਇਤ ਸਮਿਤੀ ਚੋਣਾਂ ’ਚ ਕਾਂਗਰਸ ਤੇ ਆਪ ਦੇ ਦੋ ਦੋ ਉਮੀਦਵਾਰ ਜਿੱਤੇ

December 17, 2025 12:05 pm

ਧਰਮਕੋਟ ਦੀ ਪੰਚਾਇਤ ਸਮਿਤੀ ਚੋਣਾਂ ਦੇ ਚਾਰ ਜ਼ੋਨਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਜ਼ੋਨ ਨੰਬਰ 3 ਫਤਿਹਗੜ੍ਹ ਕੋਰੋਟਾਣਾ ਦੀ ਸੀਟ ਅਤੇ ਤਲਵੰਡੀ ਭੰਗੇਰੀਆ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਇਸੇ ਤਰ੍ਹਾਂ ਹੀ ਜ਼ੋਨ ਮਹਿਣਾ ਅਤੇ ਜ਼ੋਨ ਬਹੋਨਾ ਦੀਆਂ ਸੀਟਾਂ ਕਾਂਗਰਸ ਪਾਰਟੀ ਦੇ ਹਿੱਸੇ ਆਈਆਂ ਹਨ।

ਰਾਏਕੋਟ ਬਲਾਕ ਸੰਮਤੀ ਚੋਣ ਦਾ ਪਹਿਲਾ ਨਤੀਜਾ ਆਪ ਦੇ ਹੱਕ ਵਿੱਚ

December 17, 2025 11:09 am

ਰਾਏਕੋਟ ਦੀ ਬਲਾਕ ਸਮਿਤੀ ਚੋਣ ਦਾ ਪਹਿਲਾ ਨਤੀਜਾ ਸੱਤਾਧਾਰੀ ਪਾਰਟੀ ਆਪ ਦੇ ਹੱਕ ਵਿੱਚ ਗਿਆ ਹੈ। ਜ਼ੋਨ ਅੱਬੂਵਾਲ ਤੋਂ ਆਪ ਉਮੀਦਵਾਰ ਗੁਰਮੁਖ ਸਿੰਘ ਨੂੰ 1450 ਵੋਟਾਂ ਮਿਲੀਆਂ ਅਤੇ 196 ਵੋਟਾਂ ਨਾਲ ਜੇਤੂ ਐਲਾਨਿਆ। ਜਦਕਿ ਮੁੱਖ ਵਿਰੋਧੀ ਕਾਂਗਰਸ ਦੇ ਵਤਨਵੀਰ ਸਿੰਘ ਨੂੰ 1264, ਸ਼੍ਰੋਮਣੀ ਅਕਾਲੀ ਦਲ ਦੇ ਮਨਦੀਪ ਸਿੰਘ ਨੂੰ 304 ਅਤੇ ਭਾਜਪਾ ਦੇ ਅਵਤਾਰ ਸਿੰਘ ਨੂੰ ਕੇਵਲ 90 ਵੋਟਾਂ ਪਈਆਂ।- ਸੰਤੋਖ ਗਿੱਲ

ਲੁਧਿਆਣਾ ’ਚ ਪੰਚਾਇਤ ਸਮਿਤੀ ਚੋਣ ਸਵੇਰੇ 10 ਵਜੇ ਤੱਕ ਰੁਝਾਨ

December 17, 2025 11:06 am

ਕਾਂਗਰਸ 7, ਆਪ 4, ਸ਼੍ਰੋਮਣੀ ਅਕਾਲੀ ਦਲ 4 ਤੇ ਆਜ਼ਾਦ 2

ਲੁਧਿਆਣਾ ਵਿੱਚ ਸਵੇਰੇ 10 ਵਜੇ ਤੱਕ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਰੁਝਾਨਾਂ ਵਿੱਚ ਕਾਂਗਰਸ ਮੋਹਰੀ

December 17, 2025 11:04 am

ਕਾਂਗਰਸ 5, ਆਪ 4, ਸ਼੍ਰੋਮਣੀ ਅਕਾਲੀ ਦਲ 4, ਆਜ਼ਾਦ 1

ਡੇਰਾਬੱਸੀ ਦੇ ਸਰਕਾਰੀ ਕਾਲਜ ਵਿਚ ਪੰਚਾਇਤ ਸਮਿਤੀ ਦੀਆਂ ਵੋਟਾਂ ਦੀ ਗਿਣਤੀ ਜਾਰੀ

December 17, 2025 10:57 am

ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਦੇ ਸਰਕਾਰੀ ਕਾਲਜ ਵਿਚ ਪੰਚਾਇਤ ਸਮਿਤੀ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ।

ਬਠਿੰਡਾ ਵਿਚ ਵੋਟਾਂ ਦੀ ਗਿਣਤੀ ਜਾਰੀ

December 17, 2025 10:31 am

 

ਜ਼ਿਲਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਲਈ ਵਰਕਰ ਉਤਸ਼ਾਹਿਤ

December 17, 2025 10:30 am

ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਕੇਂਦਰਾਂ ਦੇ ਬਾਹਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਗਿਣਤੀ ਕੇਂਦਰਾਂ ਦੇ ਬਾਹਰ ਕੋਈ ਵੀ ਵੱਡੇ ਕਦ ਵਾਲਾ ਸਿਆਸੀ ਆਗੂ ਨਹੀਂ ਪਹੁੰਚਿਆ। ਵੋਟਾਂ ਦੀ ਗਿਣਤੀ ਨੂੰ ਪਾਰਦਰਸ਼ਤਾ ਨਾਲ ਕਰਨ ਦੇ ਸਬੰਧ ਵਿੱਚ ਹਰ ਗਿਣਤੀ ਕੇਂਦਰ ਤੇ ਦੋ ਮਾਈਕਰੋ ਅਬਜਰਵਰ ਤੈਨਾਤ ਕੀਤੇ ਗਏ ਹਨ। ਜਲੰਧਰ ਵਿੱਚ ਵੋਟਾਂ ਦੀ ਗਿਣਤੀ ਕੇਂਦਰਾਂ ਦੇ ਬਾਹਰ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਈ ਹੋਈ ਹੈ। ਵੋਟਾਂ ਦੀ ਗਿਣਤੀ ਦੇ ਹਾਲੇ ਰੁਝਾਨ ਆਉਣੇ ਸ਼ੁਰੂ ਨਹੀਂ ਹੋਏ ਹਨ ਇਸ ਦੇ ਉਲਟ ਸਿਆਸੀ ਆਗੂਆਂ ਵੱਲੋਂ ਆਪਣੀ ਜਿੱਤ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। -ਗੁਰਨੇਕ ਸਿੰਘ ਵਿਰਦੀ

ਮਾਲੇਰਕੋਟਲਾ ’ਚ ਵੋਟਾਂ ਦੀ ਗਿਣਤੀ ਸ਼ੁਰੂ; ਸਿਆਸੀ ਪਾਰਟੀਆਂ ਦੇ ਸਮਰਥਕ ਗਿਣਤੀ ਕੇਂਦਰਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ

December 17, 2025 9:24 am

ਮਾਲੇਰਕੋਟਲਾ ਜ਼ਿਲ੍ਹਾ ਪਰਿਸ਼ਦ ਦੇ 10 ਜ਼ੋਨਾਂ ਲਈ ਚੋਣ ਲੜ ਰਹੇ 40 ਉਮੀਦਵਾਰਾਂ ਅਤੇ ਤਿੰਨ ਬਲਾਕ ਸਮਿਤੀਆਂ ਦੇ 45 ਮੈਂਬਰਾਂ ਲਈ 133 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਵੋਟਾਂ ਦੀ ਗਿਣਤੀ ਜ਼ਿਲ੍ਹੇ ਦੇ ਤਿੰਨ ਗਿਣਤੀ ਕੇਂਦਰਾਂ ਵਿਚ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਨੇ ਸਰਕਾਰੀ ਕਾਲਜ ਮਾਲੇਰਕੋਟਲਾ, ਸਰਕਾਰੀ ਕਾਲਜ ਅਮਰਗੜ੍ਹ ਅਤੇ ਐਮਜੀਐਮਐਨ ਸੀਨੀਅਰ ਸੈਕੰਡਰੀ ਸਕੂਲ ਅਹਿਮਦਗੜ੍ਹ ਵਿਚ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਹਨ। ਅਜੇ ਤੱਕ ਕੋਈ ਰੁਝਾਨ ਉਪਲਬਧ ਨਹੀਂ ਹੈ ਕਿਉਂਕਿ ਡਿਊਟੀ ’ਤੇ ਤਾਇਨਾਤ ਸਰਕਾਰੀ ਕਰਮਚਾਰੀ ਉਮੀਦਵਾਰਾਂ ਦੇ ਅਧਿਕਾਰਤ ਏਜੰਟਾਂ ਦੀ ਮੌਜੂਦਗੀ ਵਿੱਚ ਬੈਲਟ ਬਾਕਸ ਖੋਲ੍ਹਣ ਤੋਂ ਬਾਅਦ ਟੋਕਰੀਆਂ ਵਿੱਚ ਬੈਲਟ ਦਾ ਪ੍ਰਬੰਧ ਕਰ ਰਹੇ ਹਨ। ਠੰਢ ਦੇ ਬਾਵਜੂਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਗਿਣਤੀ ਕੇਂਦਰਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। -ਮਹੇਸ਼ ਸ਼ਰਮਾ

ਮਾਨਸਾ ਜ਼ਿਲ੍ਹੇ ਵਿੱਚ ਵੋਟਾਂ ਦੀ ਗਿਣਤੀ ਸਖ਼ਤ ਪੁਲੀਸ ਪ੍ਰਬੰਧਾਂ ਹੇਠ ਸ਼ੁਰੂ

December 17, 2025 9:24 am

ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਖ਼ਤ ਪੁਲੀਸ ਪ੍ਰਬੰਧਾਂ ਹੇਠ ਸਮੇਂ ਸਿਰ ਸ਼ੁਰੂ ਹੋ ਗਈ ਹੈ। ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਆਡੀਟੋਰੀਅਮ, ਝੁਨੀਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਦੂਲਗੜ੍ਹ ਦੇ ਬਲਰਾਜ ਸਿੰਘ ਭੂੰਦੜ ਯਾਦਗਾਰੀ ਸਰਕਾਰੀ ਕਾਲਜ ਅਤੇ ਬੁਢਲਾਡਾ ਨੇੜੇ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਰੱਲੀ ਵਿੱਚ ਸ਼ੁਰੂ ਹੋ ਗਈ ਹੈ।