ਹਰਿਆਣਾ ਦੇ ਸੋਨੀਪਤ ਵਿੱਚ ਕਿਸਾਨ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਏ ਰਾਹੁਲ ਗਾਂਧੀ

ਹਰਿਆਣਾ ਦੇ ਸੋਨੀਪਤ ਵਿੱਚ ਕਿਸਾਨ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਏ ਰਾਹੁਲ ਗਾਂਧੀ

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ Rahul Gandhi ਹਰਿਆਣਾ ਦੇ Sonipat ਵਿੱਚ ਇੱਕ ਕਿਸਾਨ ਦੀ ਧੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਗਿਆ ਹੈ। ਕਾਂਗਰਸ ਨੇ ਆਪਣੇ ਅਧਿਕਾਰਕ ਐਕਸ (X) ਹੈਂਡਲ ‘ਤੇ ਤਸਵੀਰਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਰਾਹੁਲ ਗਾਂਧੀ ਸੋਨੀਪਤ ਵਿੱਚ ਕਿਸਾਨ ਸੰਜੇ ਮਲਿਕ ਦੀ ਧੀ ਦੇ ਵਿਆਹ ਸਮਾਰੋਹ ਵਿੱਚ ਪਹੁੰਚੇ। ਪਾਰਟੀ ਨੇ ਇਹ ਵੀ ਦੱਸਿਆ ਕਿ ਰਾਹੁਲ ਗਾਂਧੀ ਨੇ ਸਾਲ 2023 ਵਿੱਚ ਪਹਿਲੀ ਵਾਰ ਸੰਜੇ ਮਲਿਕ ਨਾਲ ਮੁਲਾਕਾਤ ਕੀਤੀ ਸੀ। ਉਸ ਦੌਰਾਨ ਉਨ੍ਹਾਂ ਨੇ ਖੇਤਾਂ ਵਿੱਚ ਕਿਸਾਨਾਂ ਨਾਲ ਕੰਮ ਕੀਤਾ ਅਤੇ ਕਿਸਾਨ ਪਰਿਵਾਰਾਂ ਦੇ ਸੰਘਰਸ਼ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਕਾਂਗਰਸ ਦੇ ਅਨੁਸਾਰ, ਰਾਹੁਲ ਗਾਂਧੀ ਨੇ ਉਸ ਸਮੇਂ ਸੰਜੇ ਮਲਿਕ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਰ ਸੁੱਖ-ਦੁੱਖ ਵਿੱਚ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ। ਹੁਣ ਉਹ ਇਸ ਪਰਿਵਾਰ ਦੀ ਖੁਸ਼ੀ ਦੇ ਮੌਕੇ ‘ਤੇ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆਏ। ਵਿਆਹ ਸਮਾਰੋਹ ਦੌਰਾਨ ਰਾਹੁਲ ਗਾਂਧੀ ਦਾ ਹਰਿਆਣਵੀ ਰਿਵਾਜ ਅਨੁਸਾਰ ਪੱਗ ਬੰਨ੍ਹ ਕੇ ਸਵਾਗਤ ਕੀਤਾ ਗਿਆ। ਜਦੋਂ ਉਹ ਵਿਆਹ ਵਾਲੇ ਘਰ ਅੰਦਰ ਦਾਖਲ ਹੋ ਰਹੇ ਸਨ ਤਾਂ ਦਰਵਾਜ਼ੇ ‘ਤੇ ਖੜ੍ਹੇ ਨੌਜਵਾਨਾਂ ਨੇ ਉਨ੍ਹਾਂ ਨੂੰ “ਰਾਹੁਲ ਭਾਈ, ਰਾਮ-ਰਾਮ” ਕਹਿ ਕੇ ਸਲਾਮ ਕੀਤਾ। ਇਸ ‘ਤੇ ਰਾਹੁਲ ਗਾਂਧੀ ਨੇ ਹੱਥ ਜੋੜ ਕੇ ਮੁਸਕਰਾਹਟ ਨਾਲ ਸਭ ਦਾ ਅਭਿਨੰਦਨ ਕੀਤਾ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਕਰੀਬ ਇੱਕ ਘੰਟੇ ਤੱਕ ਵਿਆਹ ਸਮਾਰੋਹ ਵਿੱਚ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਨੇ ਦੁੱਧ ਨਾਲ ਚੂਰਮਾ ਖਾਧਾ ਅਤੇ ਕਿਸਾਨ ਦੀ ਧੀ ਵੱਲੋਂ ਬਣਾਈ ਮਿੱਸੀ ਰੋਟੀ ਦਾ ਵੀ ਸਵਾਦ ਚੱਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਆਹ ਮੌਕੇ ਔਰਤਾਂ ਵੱਲੋਂ ਗਾਏ ਜਾ ਰਹੇ ਪਰੰਪਰਾਗਤ ਗੀਤ ਵੀ ਸੁਣੇ।