ਬਲੂ ਵਾਟਰ ਬ੍ਰਿਜ ’ਤੇ ਟਰੱਕ ’ਚੋਂ ਮਿਲੀ ਸੀ 40 ਕਿਲੋ ਕੋਕੀਨ, ਸਿੱਖ ਡਰਾਈਵਰ ਨੂੰ ਅਦਾਲਤ ਨੇ ਸੁਣਾਇਆ ਫ਼ੈਸਲਾ
ਕੈਨੇਡਾ ਦੇ ਓਨਟਾਰੀਓ ਸੂਬੇ ਦੀ ਇੱਕ ਅਦਾਲਤ ਨੇ 33 ਸਾਲਾ ਭਾਰਤੀ ਮੂਲ ਦੇ ਸਿੱਖ ਟਰੱਕ ਡਰਾਈਵਰ ਨੂੰ 40 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਹ ਨਸ਼ੀਲਾ ਪਦਾਰਥ ਅਪਰੈਲ 2024 ਵਿੱਚ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਲਿਆਂਦਾ ਗਿਆ ਸੀ। ਬਰਾਮਦ ਕੀਤੀ ਗਈ ਕੋਕੀਨ ਦੀ ਕੀਮਤ ਲਗਪਗ 4.8 ਮਿਲੀਅਨ ਡਾਲਰ ਦੱਸੀ ਗਈ ਹੈ।
ਦੋਸ਼ੀ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ। ਓਨਟਾਰੀਓ ਸੁਪੀਰੀਅਰ ਕੋਰਟ ਦੇ ਜਸਟਿਸ ਸਕੌਟ ਪ੍ਰੈਟ ਨੇ ਸੋਮਵਾਰ ਨੂੰ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਦਰਾਮਦ ਅਤੇ ਤਸਕਰੀ ਦੇ ਮਕਸਦ ਨਾਲ ਆਪਣੇ ਕਬਜ਼ੇ ਵਿੱਚ ਰੱਖਣ ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ। ਇਹ ਫ਼ੈਸਲਾ ਜੂਨ ਮਹੀਨੇ ਸਾਰਨੀਆ ਵਿੱਚ ਤਿੰਨ ਹਫ਼ਤਿਆਂ ਤੱਕ ਚੱਲੀ ਸੁਣਵਾਈ ਤੋਂ ਬਾਅਦ ਆਇਆ ਹੈ।
ਰਣਜੀਤ ਸਿੰਘ ਨੇ ਅਦਾਲਤ ਵਿੱਚ ਦੋਵਾਂ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਿਆਂ ਖ਼ੁਦ ਨੂੰ ਬੇਕਸੂਰ ਦੱਸਿਆ ਸੀ। ਇਹ ਮਾਮਲਾ 26 ਅਪਰੈਲ 2024 ਨੂੰ ਬਲੂ ਵਾਟਰ ਬ੍ਰਿਜ ਦੇ ਕੈਨੇਡੀਅਨ ਪਾਸੇ ਉਸ ਦੇ ਟਰੱਕ ਵਿੱਚੋਂ ਦੋ ਡੱਬਿਆਂ ਵਿੱਚ ਰੱਖੀ 40 ਕਿਲੋਗ੍ਰਾਮ ਕੋਕੀਨ ਬਰਾਮਦ ਹੋਣ ਨਾਲ ਜੁੜਿਆ ਹੋਇਆ ਹੈ। ਇਸ ਨਸ਼ੀਲੇ ਪਦਾਰਥ ਦੀ ਕੀਮਤ 3.6 ਮਿਲੀਅਨ ਤੋਂ 4.8 ਮਿਲੀਅਨ ਡਾਲਰ ਦੇ ਵਿਚਕਾਰ ਅੰਦਾਜ਼ੀ ਗਈ ਸੀ।
ਫ਼ੈਸਲਾ ਸੁਣਾਉਂਦਿਆਂ ਜਸਟਿਸ ਪ੍ਰੈਟ ਨੇ ਕਿਹਾ ਕਿ ਉਹ ਰਣਜੀਤ ਸਿੰਘ ਦੇ ਬਿਆਨਾਂ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਨੇ ਉਸ ਦੀ ਗਵਾਹੀ ਵਿੱਚ ਕਈ ਅਸੰਗਤਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਵੱਲੋਂ ਦਿੱਤੀ ਗਈ ਸਫ਼ਾਈ ਭਰੋਸੇਯੋਗ ਨਹੀਂ ਸੀ।
ਮੁਕੱਦਮੇ ਦੌਰਾਨ ਸਰਕਾਰੀ ਵਕੀਲ ਨੇ ਦੋਸ਼ ਲਾਇਆ ਸੀ ਕਿ ਰਣਜੀਤ ਸਿੰਘ ਨੇ ਅਮਰੀਕਾ ਦੇ ਇਲੀਨੋਇਸ ਸੂਬੇ ਦੇ ਚੰਨਾਹਨ ਸਥਿਤ ਇੱਕ ਪਾਇਲਟ ਟਰੈਵਲ ਸੈਂਟਰ ਵਿੱਚ ਕਿਸੇ ਹੋਰ ਟਰੱਕ ਤੋਂ ਕੋਕੀਨ ਦੀਆਂ ਇੱਟਾਂ ਹਾਸਲ ਕੀਤੀਆਂ ਸਨ। ਇਸ ਤੋਂ ਬਾਅਦ ਉਸ ਨੇ ਇਲੀਨੋਇਸ ਦੇ ਸ਼ੋਰਵੁੱਡ ਵਿੱਚ ਸਥਿਤ ਹੋਮ ਡਿਪੋ ਸਟੋਰ ਤੋਂ ਗੱਤੇ ਦੇ ਡੱਬੇ ਖਰੀਦੇ ਅਤੇ ਉਨ੍ਹਾਂ ਵਿੱਚ ਨਸ਼ੀਲੇ ਪਦਾਰਥ ਪੈਕ ਕੀਤੇ।
ਸਰਕਾਰੀ ਪੱਖ ਮੁਤਾਬਕ, ਉਸ ਨੇ ਇਹ ਡੱਬੇ ਮਿਸ਼ੀਗਨ ਦੇ ਲੈਂਸਿੰਗ ਵਿੱਚ ਸੈਂਡਰਜ਼ ਰੋਡ ਸਥਿਤ ਇੱਕ ਯਾਰਡ ਵਿੱਚ ਆਪਣੇ ਟ੍ਰੇਲਰ ’ਤੇ ਲੱਦ ਦਿੱਤੇ ਸਨ। ਬਾਅਦ ਵਿੱਚ ਇਨ੍ਹਾਂ ਡੱਬਿਆਂ ਨੂੰ ਹੋਰ ਸਾਮਾਨ ਨਾਲ ਭਰੇ ਇੱਕ ਪੈਲੇਟ ਵਿੱਚ ਲੁਕਾ ਦਿੱਤਾ ਗਿਆ ਸੀ।
ਦੂਜੇ ਪਾਸੇ, ਰਣਜੀਤ ਸਿੰਘ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਭਾਵੇਂ ਉਸ ਦੇ ਟ੍ਰੇਲਰ ਵਿੱਚੋਂ ਕੋਕੀਨ ਬਰਾਮਦ ਹੋਈ ਹੈ, ਪਰ ਉਸ ਨੂੰ ਨਾ ਤਾਂ ਕਿਸੇ ਨੇ ਇਹ ਨਸ਼ੀਲਾ ਪਦਾਰਥ ਸੌਂਪਿਆ ਸੀ ਅਤੇ ਨਾ ਹੀ ਉਸ ਨੂੰ ਪਤਾ ਸੀ ਕਿ ਇਹ ਟ੍ਰੇਲਰ ਵਿੱਚ ਕਿਵੇਂ ਪਹੁੰਚਿਆ।
ਉਸ ਨੇ ਦੱਸਿਆ ਕਿ ਟਰੱਕਿੰਗ ਕੰਪਨੀ ਦੇ ਮਾਲਕ ਨੇ ਉਸ ਨੂੰ ਹੋਮ ਡਿਪੋ ਤੋਂ ਗੱਤੇ ਦੇ ਡੱਬੇ ਖਰੀਦਣ ਅਤੇ ਮਿਸ਼ੀਗਨ ਦੇ ਯਾਰਡ ਵਿੱਚ ਕਿਸੇ ਹੋਰ ਟਰੱਕ ਕੋਲ ਛੱਡਣ ਲਈ ਕਿਹਾ ਸੀ। ਉਸ ਮੁਤਾਬਕ, ਉੱਥੇ ਉਸ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਵੀ ਦੇਖਿਆ ਸੀ। ਇਸ ਦੌਰਾਨ ਜਦੋਂ ਉਹ ਵਾਸ਼ਰੂਮ ਜਾਣ ਲਈ ਗਿਆ ਤਾਂ ਉਸ ਨੇ ਆਪਣਾ ਟਰੱਕ 10 ਤੋਂ 15 ਮਿੰਟ ਲਈ ਬਿਨਾਂ ਨਿਗਰਾਨੀ ਦੇ ਛੱਡ ਦਿੱਤਾ ਸੀ।
ਹਾਲਾਂਕਿ, ਜੱਜ ਨੇ ਸਰਕਾਰੀ ਵਕੀਲ ਵੱਲੋਂ ਪੇਸ਼ ਕੀਤੇ ਗਏ ਮੁੱਖ ਤੱਥਾਂ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਰਣਜੀਤ ਸਿੰਘ ਨੇ ਟਰੈਵਲ ਸੈਂਟਰ ਵਿਖੇ ਕਿਸੇ ਹੋਰ ਡਰਾਈਵਰ ਤੋਂ ਕੋਕੀਨ ਪ੍ਰਾਪਤ ਕੀਤੀ ਸੀ।
ਜਸਟਿਸ ਪ੍ਰੈਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਸ਼ੀਲੇ ਪਦਾਰਥ ਉਸ ਨੇ ਕਿਸ ਸਮੇਂ ਹਾਸਲ ਕੀਤੇ, ਇਹ ਗੱਲ ਫ਼ੈਸਲੇ ਲਈ ਮਹੱਤਵਪੂਰਨ ਨਹੀਂ ਸੀ। ਉਨ੍ਹਾਂ ਮੁਤਾਬਕ, ਜਦੋਂ ਰਣਜੀਤ ਸਿੰਘ ਕੈਨੇਡਾ ਵਿੱਚ ਦਾਖ਼ਲ ਹੋਇਆ ਤਾਂ ਕੋਕੀਨ ਉਸ ਦੇ ਕਬਜ਼ੇ ਵਿੱਚ ਸੀ ਅਤੇ ਉਸ ਨੂੰ ਪਤਾ ਸੀ ਕਿ ਇਹ ਉਸ ਦੇ ਟ੍ਰੇਲਰ ਵਿੱਚ ਮੌਜੂਦ ਹੈ।
ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਨੂੰ ਮਈ 2024 ਦੇ ਸ਼ੁਰੂ ਵਿੱਚ 2 ਲੱਖ ਡਾਲਰ ਦੀ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਹੁਣ ਉਹ ਸਜ਼ਾ ਸੁਣਾਏ ਜਾਣ ਤੱਕ ਜ਼ਮਾਨਤ ’ਤੇ ਬਾਹਰ ਰਹੇਗਾ। ਅਦਾਲਤ ਨੇ ਇਸ ਮਾਮਲੇ ਵਿੱਚ ਸਜ਼ਾ ਤੈਅ ਕਰਨ ਲਈ ਸੁਣਵਾਈ ਫਰਵਰੀ ਮਹੀਨੇ ਵਿੱਚ ਰੱਖੀ ਹੈ।