ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਦੀ ਸ਼ਾਨਦਾਰ ਸ਼ੁਰੂਆਤ, ਨਗਰ ਕੀਰਤਨ ਨਾਲ ਵਧੀਆਂ ਰੌਣਕਾਂ

ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਦੀ ਸ਼ਾਨਦਾਰ ਸ਼ੁਰੂਆਤ, ਨਗਰ ਕੀਰਤਨ ਨਾਲ ਵਧੀਆਂ ਰੌਣਕਾਂ

ਖਾਲਸਾ ਪੰਥ ਦੇ ਪ੍ਰਸਿੱਧ ਤਿਉਹਾਰ ‘ਹੋਲਾ ਮਹੱਲਾ’ ਦੇ ਦੂਜੇ ਪੜਾਅ ਦੀ ਅੱਜ ਰਸਮੀ ਸ਼ੁਰੂਆਤ ਹੋ ਗਈ। ਇਸ ਮੌਕੇ ਨਿਰਮਲ ਭੇਖ ਵੱਲੋਂ ਗੁਰਦੁਆਰਾ ਟਿੱਬਾ ਸਾਹਿਬ ਚੱਕ ਹੋਲਗੜ੍ਹ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਚੱਕ ਹੋਲਗੜ੍ਹ ਸਥਿਤ ਡੇਰਾ ਬਾਬਾ ਦਲੀਪ ਸਿੰਘ ਡੁਮੇਲੀ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਪ੍ਰੀਤਮ ਸਿੰਘ ਡੁਮੇਲੀ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਭਰਪੂਰ ਸਵਾਗਤ ਕੀਤਾ ਗਿਆ। ਇਸ ਦੌਰਾਨ ਪਹੁੰਚੇ ਸੰਤਾਂ ਅਤੇ ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਸ਼ਮੂਲੀਅਤ ਕੀਤੀ ਅਤੇ ਨਿਰਮਲ ਭੇਖ ਵੱਲੋਂ ਕੀਤੀ ਗਈ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ। ਬੈਂਡ ਵਾਜਿਆਂ ਦੀਆਂ ਮਧੁਰ ਧੁਨਾਂ ਅਤੇ ਸੰਗਤਾਂ ਦੇ ਜੋਸ਼ ਭਰੇ ਮਾਹੌਲ ਵਿੱਚ ਨਗਰ ਕੀਰਤਨ ਸ਼ਹਿਰ ਦੇ ਅਗੰਮਪੁਰ ਚੌਕ, ਮੇਨ ਰੋਡ, ਬੱਸ ਸਟੈਂਡ, ਰੇਲਵੇ ਸਟੇਸ਼ਨ, ਨਵੀਂ ਆਬਾਦੀ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਸਮੇਤ ਕਈ ਸਥਾਨਾਂ ਤੋਂ ਲੰਘਦਾ ਹੋਇਆ ਅੰਤ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੰਨ ਹੋਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਨਿਰਮਲ ਦੁਆਬਾ ਮੰਡਲ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ। ਨਗਰ ਕੀਰਤਨ ਦੌਰਾਨ ਸੁੰਦਰ ਪਾਲਕੀ ਸਾਹਿਬ ’ਤੇ ਸੰਗਤਾਂ ਵੱਲੋਂ ਲਗਾਤਾਰ ਫੁੱਲਾਂ ਦੀ ਵਰਖਾ ਕੀਤੀ ਗਈ, ਜਿਸ ਨਾਲ ਸਮਾਗਮ ਦੀ ਸ਼ੋਭਾ ਹੋਰ ਵਧ ਗਈ। ਹੋਲਾ ਮਹੱਲਾ ਦੇ ਇਸ ਪਵਿੱਤਰ ਮੌਕੇ ’ਤੇ ਸਾਰਾ ਸ਼ਹਿਰ ਖਾਲਸਈ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ ਅਤੇ ਧਾਰਮਿਕ ਜੋਸ਼-ਜਜ਼ਬਾ ਹਰ ਥਾਂ ਮਹਿਸੂਸ ਕੀਤਾ ਜਾ ਰਿਹਾ ਹੈ।