ਐਨਐੱਸਏ ਹਿਰਾਸਤ ਰੱਦ ਹੋਣ ਤੋਂ ਬਾਅਦ ਵਾਂਗਚੁਕ ਦੀ ਪਤਨੀ ਦੀ ਅਰਜ਼ੀ ਬੇਅਸਰ, ਸੁਪਰੀਮ ਕੋਰਟ ਦਾ ਫੈਸਲਾ
- ਦੇਸ਼
- (Asia/Kolkata)
ਸੁਪਰੀਮ ਕੋਰਟ ਨੇ ਵਾਤਾਵਰਣ ਪੱਖੀ ਕਾਰਕੁਨ ਸੋਨਮ ਵਾਂਗਚੁਕ ਦੀ ਰਾਸ਼ਟਰੀ ਸੁਰੱਖਿਆ ਐਕਟ (ਐਨਐੱਸਏ) ਤਹਿਤ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਉਸ ਦੀ ਪਤਨੀ ਗੀਤਾਂਜਲੀ ਜੇ. ਅੰਗਮੋ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਸੁਣਵਾਈ ਲਈ ਕੁਝ ਵੀ ਬਾਕੀ ਨਹੀਂ ਰਹਿ ਗਿਆ। ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਪੀ.ਬੀ. ਵਰਾਲੇ ਦੀ ਬੈਂਚ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 14 ਮਾਰਚ ਨੂੰ ਹੀ ਵਾਂਗਚੁਕ ਦੀ ਹਿਰਾਸਤ ਦੇ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਕਾਰਨ ਪਟੀਸ਼ਨ ਬੇਮਤਲਬ ਹੋ ਗਈ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਕੇਂਦਰ ਸਰਕਾਰ ਨੂੰ ਇਹ ਵੀ ਪੁੱਛਿਆ ਸੀ ਕਿ ਕੀ ਵਾਂਗਚੁਕ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੀ ਹਿਰਾਸਤ ‘ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਨੇ 14 ਮਾਰਚ ਨੂੰ ਜਾਣਕਾਰੀ ਦਿੱਤੀ ਸੀ ਕਿ ਲੇਹ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਚਾਰ ਲੋਕਾਂ ਦੀ ਮੌਤ ਦੇ ਮੱਦੇਨਜ਼ਰ, ਅਤੇ ਗ੍ਰਿਫ਼ਤਾਰੀ ਤੋਂ ਲਗਭਗ ਛੇ ਮਹੀਨੇ ਬਾਅਦ, ਸੋਨਮ ਵਾਂਗਚੁਕ ਦੀ ਐਨਐੱਸਏ ਤਹਿਤ ਹਿਰਾਸਤ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਉਲੇਖਣਯੋਗ ਹੈ ਕਿ ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਲੇਹ ਵਿੱਚ ਪ੍ਰਦਰਸ਼ਨ ਹੋਏ ਸਨ। ਇਨ੍ਹਾਂ ਪ੍ਰਦਰਸ਼ਨਾਂ ਦੇ ਦੋ ਦਿਨ ਬਾਅਦ, 26 ਸਤੰਬਰ 2025 ਨੂੰ ਵਾਂਗਚੁਕ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਦੌਰਾਨ 22 ਪੁਲੀਸ ਕਰਮਚਾਰੀਆਂ ਸਮੇਤ 45 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
Leave a Reply