Daily Suraj

ਪੰਜਾਬੀ

ਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਦਿੱਤਾ ਅਸਤੀਫਾ

12 Aug, 2026 03:56 PM

ਟਾਟਾ ਗਰੁੱਪ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਮੁੜ ਨਿਯੁਕਤੀ ਦੀ ਮੰਗ ਨਹੀਂ ਕਰਨਗੇ। ਉਨ੍ਹਾਂ ਦਾ ਮੌਜੂਦਾ ਕਾਰਜਕਾਲ ਫਰਵਰੀ 2027 ਵਿੱਚ ਖਤਮ ਹੋਣਾ ਸੀ। ਐਨ. ਚੰਦਰਸ਼ੇਖਰਨ ਨੇ 18 ਅਗਸਤ ਨੂੰ ਹੋਣ ਵਾਲੀ ਕੰਪਨੀ ਦੀ ਸਾਲਾਨਾ ਆਮ ਬੈਠਕ (AGM) ਤੋਂ ਪਹਿਲਾਂ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਡਾਇਰੈਕਟਰ ਵਜੋਂ ਮੁੜ ਨਿਯੁਕਤੀ ਨੂੰ ਲੈ ਕੇ ਅਨਿਸ਼ਚਿਤਤਾ ਵਧ ਰਹੀ ਸੀ ਅਤੇ ਇਸ ਦੌਰਾਨ ਟਾਟਾ ਗਰੁੱਪ ਦੇ ਅੰਦਰ ਤਣਾਅ ਵਧਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਸਨ। ਚੰਦਰਸ਼ੇਖਰਨ ਦੇ ਅਸਤੀਫੇ ਦੀ ਖ਼ਬਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਬੁੱਧਵਾਰ ਸਵੇਰ ਦੇ ਕਾਰੋਬਾਰੀ ਸੈਸ਼ਨ ਦੌਰਾਨ ਟਾਟਾ ਗਰੁੱਪ ਦੀਆਂ ਕਈ ਕੰਪਨੀਆਂ ਦੇ ਸ਼ੇਅਰ ਵਿਕਰੀ ਦੇ ਦਬਾਅ ਹੇਠ ਨਜ਼ਰ ਆਏ। ਨੈਸ਼ਨਲ ਸਟਾਕ ਐਕਸਚੇਂਜ (NSE) ’ਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਦੇ ਸ਼ੇਅਰ 1 ਫੀਸਦੀ ਤੋਂ ਵੱਧ ਡਿੱਗ ਕੇ ਲਗਭਗ 1,066 ਰੁਪਏ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ। ਇਸੇ ਤਰ੍ਹਾਂ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦੇ ਸ਼ੇਅਰ ਵੀ ਲਗਭਗ 1 ਫੀਸਦੀ ਦੀ ਗਿਰਾਵਟ ਨਾਲ ਕਰੀਬ 2,424.50 ਰੁਪਏ ’ਤੇ ਆ ਗਏ। ਚੰਦਰਸ਼ੇਖਰਨ ਦੇ ਅਸਤੀਫੇ ਨਾਲ ਟਾਟਾ ਸੰਨਜ਼ ਦੀ ਅਗਵਾਈ ਅਤੇ ਅਗਲੇ ਪੜਾਅ ਵਿੱਚ ਗਰੁੱਪ ਦੀ ਰਣਨੀਤੀ ਨੂੰ ਲੈ ਕੇ ਹੁਣ ਨਵੀਂ ਚਰਚਾ ਸ਼ੁਰੂ ਹੋ ਗਈ ਹੈ।

Posted By: Daily Suraj Bureau

Latest News