ਗੈਸ ਸਿਲੰਡਰਾਂ ਦੀ ਕਮੀ ਨੇ ਵਧਾਈ ਮੁਸ਼ਕਲ, ਉਦਯੋਗ ਅਤੇ ਖੇਤੀ ‘ਤੇ ਅਸਰ

ਗੈਸ ਸਿਲੰਡਰਾਂ ਦੀ ਕਮੀ ਨੇ ਵਧਾਈ ਮੁਸ਼ਕਲ, ਉਦਯੋਗ ਅਤੇ ਖੇਤੀ ‘ਤੇ ਅਸਰ

ਪੰਜਾਬ ਵਿੱਚ ਰਸੋਈ ਗੈਸ (LPG) ਸਿਲੰਡਰਾਂ ਦੀ ਕਿੱਲਤ ਇੱਕ ਵੱਡੇ ਸੰਕਟ ਵਜੋਂ ਸਾਹਮਣੇ ਆ ਰਹੀ ਹੈ, ਜਿਸ ਕਾਰਨ ਪਰਵਾਸੀ ਮਜ਼ਦੂਰ ਆਪਣੇ ਕੰਮਕਾਰ ਛੱਡ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਆਪਣੇ ਜੱਦੀ ਪਿੰਡਾਂ ਵੱਲ ਵਾਪਸੀ ਕਰ ਰਹੇ ਹਨ। ਇਹ ਸਥਿਤੀ ਨਾ ਤਾਂ ਚੋਣਾਂ ਨਾਲ ਜੁੜੀ ਹੈ ਅਤੇ ਨਾ ਹੀ ਕਿਸੇ ਮਹਾਂਮਾਰੀ ਨਾਲ, ਸਗੋਂ ਰੋਜ਼ਾਨਾ ਜੀਵਨ ਲਈ ਲੋੜੀਂਦੇ ਇੰਧਨ ਦੀ ਕਮੀ ਇਸ ਦਾ ਮੁੱਖ ਕਾਰਨ ਬਣੀ ਹੈ। ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਦੇ ਪ੍ਰਭਾਵ ਕਾਰਨ ਰਸੋਈ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਸਿਲੰਡਰ ਪਹਿਲਾਂ ਵਾਂਗ ਸੌਖੇ ਨਹੀਂ ਮਿਲ ਰਹੇ। ਬਾਹਰੀ ਰਾਜਾਂ ਤੋਂ ਆਏ ਜ਼ਿਆਦਾਤਰ ਮਜ਼ਦੂਰਾਂ ਕੋਲ ਪੰਜਾਬ ਵਿੱਚ ਗੈਸ ਕੁਨੈਕਸ਼ਨ ਨਹੀਂ ਹਨ ਅਤੇ ਉਹ ਖੁੱਲ੍ਹੇ ਬਾਜ਼ਾਰ ਵਿੱਚ ਮਿਲਣ ਵਾਲੇ ਛੋਟੇ ਸਿਲੰਡਰਾਂ ‘ਤੇ ਨਿਰਭਰ ਰਹਿੰਦੇ ਸਨ। ਹੁਣ ਇਹ ਸਿਲੰਡਰ ਘੱਟ ਮਿਲਣ ਕਾਰਨ ਉਨ੍ਹਾਂ ਲਈ ਦਿਨਚਰੀ ਚਲਾਉਣਾ ਔਖਾ ਹੋ ਗਿਆ ਹੈ। ਇਹ ਮਜ਼ਦੂਰ ਪੰਜਾਬ ਦੇ ਖੇਤਾਂ, ਉਸਾਰੀ ਖੇਤਰ, ਛੋਟੀਆਂ ਫੈਕਟਰੀਆਂ, ਖਾਣ-ਪੀਣ ਦੇ ਧੰਧਿਆਂ ਅਤੇ ਘਰੇਲੂ ਕੰਮਾਂ ਵਿੱਚ ਲੱਗੇ ਹੋਏ ਹਨ। ਜਲੰਧਰ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਐੱਸ ਸੱਗੂ ਨੇ ਦੱਸਿਆ ਕਿ ਕਈ ਮਜ਼ਦੂਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਆਪਣੇ ਰਾਜਾਂ ਵਿੱਚ ਨਿਯਮਤ ਗੈਸ ਕੁਨੈਕਸ਼ਨ ਹਨ, ਜਦਕਿ ਪੰਜਾਬ ਵਿੱਚ ਉਹ ਛੋਟੇ ਸਿਲੰਡਰਾਂ ਨਾਲ ਗੁਜ਼ਾਰਾ ਕਰਦੇ ਸਨ, ਜੋ ਹੁਣ ਮੁਸ਼ਕਿਲ ਨਾਲ ਮਿਲ ਰਹੇ ਹਨ। ਸੱਗੂ ਮੁਤਾਬਕ, ਉਹ ਆਪਣੇ ਕਰਮਚਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਬਾਵਜੂਦ ਘੱਟੋ-ਘੱਟ 20 ਫੀਸਦੀ ਮਜ਼ਦੂਰਾਂ ਨੂੰ ਰੁਕਣ ਲਈ ਮਨਾਉਣ ਵਿੱਚ ਅਸਫਲ ਰਹੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਖਾਣਾ ਬਣਾਉਣਾ ਹੀ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਕੁਝ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਹਿਣ ਜਾਂ ਕੰਮ ਵਾਲੀ ਥਾਂ ‘ਤੇ ਲੱਕੜ ਨਾਲ ਚੁੱਲ੍ਹਾ ਜਲਾਉਣ ਦੀ ਆਗਿਆ ਨਹੀਂ ਮਿਲਦੀ, ਜਿਸ ਨਾਲ ਮੁਸ਼ਕਲ ਹੋਰ ਵੱਧ ਗਈ ਹੈ। ਲੁਧਿਆਣਾ ਵਿੱਚ ਕਰੌਕਰੀ ਸਟੋਰ ਵਿੱਚ ਕੰਮ ਕਰਨ ਵਾਲੇ ਕੁਲਦੀਪ ਕੁਮਾਰ ਨੇ ਕਿਹਾ ਕਿ ਛੋਟੇ ਸਿਲੰਡਰ ਬਾਜ਼ਾਰ ਵਿੱਚ ਉਪਲਬਧ ਨਹੀਂ ਹਨ ਅਤੇ ਉਹ ਦਰੱਖਤਾਂ ਹੇਠੋਂ ਇਕੱਠੀ ਕੀਤੀ ਲੱਕੜ ਨਾਲ ਖਾਣਾ ਬਣਾਉਣ ਲਈ ਮਜਬੂਰ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਹੋਰ ਮਜ਼ਦੂਰਾਂ ਨੂੰ ਆਪਣੇ ਰਹਿਣ ਵਾਲੇ ਸਥਾਨਾਂ ‘ਤੇ ਲੱਕੜ ਵਰਤਣ ਦੀ ਆਗਿਆ ਨਹੀਂ ਹੈ। ਵਰਲਡ MSME ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਹਰੇਕ ਸਾਲ ਵਾਢੀ ਦੇ ਮੌਸਮ ਦੌਰਾਨ ਕੁਝ ਮਜ਼ਦੂਰਾਂ ਦਾ ਆਪਣੇ ਘਰ ਵਾਪਸੀ ਕਰਨਾ ਆਮ ਗੱਲ ਹੈ, ਪਰ ਇਸ ਵਾਰ ਵਾਪਸੀ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਦੇ ਅਨੁਸਾਰ, ਇਸ ਦਾ ਮੁੱਖ ਕਾਰਨ ਰੋਜ਼ਾਨਾ ਖਾਣੇ ਦਾ ਪ੍ਰਬੰਧ ਕਰਨਾ ਔਖਾ ਹੋਣਾ ਹੈ। ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ (ਅੰਮ੍ਰਿਤਸਰ) ਦੇ ਪ੍ਰਧਾਨ ਰਾਮ ਭਵਨ ਗੋਸਵਾਮੀ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 35 ਲੱਖ ਪਰਵਾਸੀ ਮਜ਼ਦੂਰਾਂ ਵਿੱਚੋਂ ਹਰ ਸਾਲ 40,000 ਤੋਂ 50,000 ਮਜ਼ਦੂਰ ਇਸ ਸਮੇਂ ਦੌਰਾਨ ਆਪਣੇ ਪਿੰਡਾਂ ਨੂੰ ਵਾਪਸ ਜਾਂਦੇ ਹਨ, ਪਰ ਇਸ ਵਾਰ LPG ਦੀ ਕਿੱਲਤ ਹੋਰ ਵੱਡੀ ਗਿਣਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅੰਮ੍ਰਿਤਸਰ ਫੋਕਲ ਪੁਆਇੰਟ ਇੰਡਸਟਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਡਾਲਮੀਆ ਨੇ ਕਿਹਾ ਕਿ ਇੱਕ ਲੰਬੇ ਸਮੇਂ ਤੋਂ ਕੰਮ ਕਰ ਰਹੇ ਮਜ਼ਦੂਰ ਨੇ ਵੀ ਦੱਸਿਆ ਕਿ ਸਧਾਰਨ ਭੋਜਨ ਦਾ ਪ੍ਰਬੰਧ ਕਰਨਾ ਰੋਜ਼ਾਨਾ ਦੀ ਜੰਗ ਬਣ ਗਿਆ ਹੈ, ਜੋ ਹੁਣ ਨੌਕਰੀ ਨਾਲੋਂ ਵੱਧ ਜ਼ਰੂਰੀ ਹੋ ਗਿਆ ਹੈ। ਇਸ ਸਥਿਤੀ ਨੇ ਪੰਜਾਬ ਦੇ ਖੇਤੀਬਾੜੀ ਖੇਤਰ ਲਈ ਚਿੰਤਾ ਵਧਾ ਦਿੱਤੀ ਹੈ। ਅਪਰੈਲ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਹੁੰਦਾ ਹੈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਹੁੰਦੀ ਹੈ। ਵਾਢੀ ਤੋਂ ਬਾਅਦ ਮੰਡੀਆਂ ਵਿੱਚ ਫਸਲ ਦੀ ਸੰਭਾਲ, ਬੋਰੀਆਂ ਭਰਨ, ਤੁਲਾਈ ਅਤੇ ਲੋਡਿੰਗ ਜਿਹੇ ਕੰਮ ਵੀ ਮੁੱਖ ਤੌਰ ‘ਤੇ ਇਨ੍ਹਾਂ ਮਜ਼ਦੂਰਾਂ ‘ਤੇ ਨਿਰਭਰ ਕਰਦੇ ਹਨ। ਇਸ ਤੋਂ ਬਾਅਦ ਜੀਰੀ ਦੀ ਫਸਲ ਲਈ ਵੀ ਮਜ਼ਦੂਰੀ ਦੀ ਮੰਗ ਵਧਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇ ਮੱਧ ਪੂਰਬ ਵਿੱਚ ਸੰਘਰਸ਼ ਜਾਰੀ ਰਹਿੰਦਾ ਹੈ ਅਤੇ ਇੰਧਨ ਦੀ ਸਥਿਤੀ ਸੁਧਰਦੀ ਨਹੀਂ, ਤਾਂ ਖੇਤੀਬਾੜੀ ਸਮੇਤ ਕਈ ਖੇਤਰਾਂ ਵਿੱਚ ਗੰਭੀਰ ਪ੍ਰਭਾਵ ਪੈ ਸਕਦਾ ਹੈ। ਮਜ਼ਦੂਰਾਂ ਦੀ ਘਾਟ ਨਾਲ ਨਾ ਸਿਰਫ਼ ਵਾਢੀ ਪ੍ਰਭਾਵਿਤ ਹੋਵੇਗੀ, ਸਗੋਂ ਖੇਤੀਬਾੜੀ ਦੀ ਲਾਗਤ ਵਿੱਚ ਵੀ ਵੱਡਾ ਵਾਧਾ ਹੋ ਸਕਦਾ ਹੈ।