ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦਾ ਮਾਡਿਊਲ ਬੇਨਕਾਬ, 5 ਮੁਲਜ਼ਮ ਤੇ 1 ਨਾਬਾਲਗ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦਾ ਮਾਡਿਊਲ ਬੇਨਕਾਬ, 5 ਮੁਲਜ਼ਮ ਤੇ 1 ਨਾਬਾਲਗ ਗ੍ਰਿਫ਼ਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੇ ਇੱਕ ਮਾਡਿਊਲ ਦਾ ਖਾਤਮਾ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ 5 ਮੁਲਜ਼ਮਾਂ ਅਤੇ 1 ਨਾਬਾਲਗ ਨੂੰ ਗ੍ਰਿਫਤਾਰ ਕੀਤਾ, ਜਿਨਾਂ ਦੇ ਕੋਲੋਂ 5 ਆਧੁਨਿਕ ਪਿਸਤੌਲ ਤੇ 34 ਜ਼ਿੰਦਾ ਕਾਰਤੂਸ ਅਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਹੈ। ਇਸ ਦਾ ਖੁਲਾਸਾ ਡੀਜੀਪੀ ਗੌਰਵ ਯਾਦਵ ਵੱਲੋਂ ਕੀਤਾ ਗਿਆ ਹੈ। ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇਸ ਸਬੰਧੀ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਹਥਿਆਰਾਂ ਵਿੱਚ ਗਲੋਕ 9 ਐਮਐਮ, ਪੀX5 .30 ਬੋਰ, ਟੌਰਸ 9ਐੱਮ ਐੱਮ, ਗ੍ਰੇਟਾ 9 ਐੱਮ ਐੱਮ ਪਾਕਿਸਤਾਨ ਵਿੱਚ ਬਣਿਆ ਅਤੇ ਇੱਕ ਪੁਆਇੰਟ 30 ਬੋਰ ਦਾ ਪਿਸਤੌਲ ਸ਼ਾਮਿਲ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ-ਅਧਾਰਤ ਹਥਿਆਰਾਂ ਦੇ ਤਸਕਰਾਂ ਦੇ ਸੰਪਰਕ ਵਿੱਚ ਸਨ। ਜੋ ਹਥਿਆਰਾਂ ਦੀ ਖੇਪ ਦਾ ਤਾਲਮੇਲ ਬਣਾ ਕੇ ਵੱਖ-ਵੱਖ ਖੇਤਰਾਂ ਵਿੱਚ ਵੰਡ ਰਹੇ ਸਨ। ਇਸ ਸੰਬੰਧ ਵਿੱਚ ਅੰਮ੍ਰਿਤਸਰ ਦੇ ਮਕਬੂਲਪੁਰਾ ਪੁਲੀਸ ਸਟੇਸ਼ਨ ਵਿਖੇ ਅਸਲਾ ਐਕਟ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਹੋਰ ਜਾਂਚ ਜਾਰੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਕੁਝ ਸਰਹੱਦੀ ਖੇਤਰ ਨਾਲ ਸੰਬੰਧਿਤ ਹਨ, ਜੋ ਸਰਹੱਦ ਪਾਰੋਂ ਡਰੋਨ ਰਾਹੀਂ ਆ ਰਹੇ ਹਥਿਆਰ ਪ੍ਰਾਪਤ ਕਰਦੇ ਅਤੇ ਅੱਗੇ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਹਥਿਆਰ ਅਤਿ ਆਧੁਨਿਕ ਪਿਸਤੌਲ ਹਨ।