ਪੰਜਾਬ ਕਿੰਗਜ਼ ਦੀ ਲਗਾਤਾਰ ਪੰਜਵੀਂ ਹਾਰ, 200 ਦੌੜਾਂ ਵੀ ਨਾ ਆਈਆਂ ਕੰਮ

ਪੰਜਾਬ ਕਿੰਗਜ਼ ਦੀ ਲਗਾਤਾਰ ਪੰਜਵੀਂ ਹਾਰ, 200 ਦੌੜਾਂ ਵੀ ਨਾ ਆਈਆਂ ਕੰਮ

ਮੁੰਬਈ ਇੰਡੀਅਨਜ਼ ਨੇ ਇੱਕ ਰੋਮਾਂਚਕ ਮੁਕਾਬਲੇ ਵਿੱਚ Punjab Kings ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਆਖਰੀ ਓਵਰ ਵਿੱਚ ਜਿੱਤ ਲਈ 15 ਦੌੜਾਂ ਦੀ ਲੋੜ ਸੀ, ਜਿਸਨੂੰ ਮੁੰਬਈ ਨੇ ਇੱਕ ਗੇਂਦ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਇਸ ਹਾਰ ਨਾਲ ਪੰਜਾਬ ਦੀ ਇਹ ਲਗਾਤਾਰ ਪੰਜਵੀਂ ਹਾਰ ਬਣ ਗਈ ਹੈ। ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ ਬਣਾਈਆਂ। ਜਵਾਬ ਵਿੱਚ ਮੁੰਬਈ ਇੰਡੀਅਨਜ਼ ਨੇ 19.5 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮੁੰਬਈ ਦੀ ਜਿੱਤ ਦੇ ਹੀਰੋ ਤਿਲਕ ਵਰਮਾ ਰਹੇ, ਜਿਨ੍ਹਾਂ ਨੇ 33 ਗੇਂਦਾਂ ਵਿੱਚ ਅਜੇਤੂ 75 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਰਿਆਨ ਰਿਕਲਟਨ ਨੇ 48 ਦੌੜਾਂ ਬਣਾਈਆਂ, ਜਦਕਿ ਵਿਲ ਜੈਕਸ ਨੇ ਸਿਰਫ਼ 10 ਗੇਂਦਾਂ ਵਿੱਚ ਅਜੇਤੂ 25 ਦੌੜਾਂ ਜੋੜੀਆਂ। ਤਿਲਕ ਵਰਮਾ ਅਤੇ ਵਿਲ ਜੈਕਸ ਨੇ ਪੰਜਵੀਂ ਵਿਕਟ ਲਈ ਅਜੇਤੂ 56 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਪੰਜਾਬ ਵੱਲੋਂ ਅਜ਼ਮਤੁੱਲਾ ਓਮਰਜ਼ਈ ਨੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਯੁਜਵੇਂਦਰ ਚਾਹਲ ਅਤੇ ਮਾਰਕੋ ਜੈਨਸਨ ਨੇ ਇੱਕ-ਇੱਕ ਵਿਕਟ ਆਪਣੇ ਨਾਮ ਕੀਤੀ। ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਲਈ ਪ੍ਰਭਸਿਮਰਨ ਸਿੰਘ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਅਜ਼ਮਤੁੱਲਾ ਉਮਰਜ਼ਈ ਨੇ ਵੀ ਤੇਜ਼ਤਰਾਰ ਬੱਲੇਬਾਜ਼ੀ ਕਰਦਿਆਂ 17 ਗੇਂਦਾਂ ‘ਤੇ 38 ਦੌੜਾਂ ਦੀ ਪਾਰੀ ਖੇਡੀ। ਮੈਚ ਦੇ ਅੰਤ ਵਿੱਚ ਜ਼ੇਵੀਅਰ ਬਾਰਟਲੇਟ ਨੇ ਸਿਰਫ਼ 7 ਗੇਂਦਾਂ ਵਿੱਚ ਅਜੇਤੂ 18 ਦੌੜਾਂ ਬਣਾਕੇ ਟੀਮ ਦਾ ਸਕੋਰ 200 ਤੱਕ ਪਹੁੰਚਾਇਆ। ਪੰਜਾਬ ਲਈ ਪ੍ਰਭਸਿਮਰਨ ਸਿੰਘ ਅਤੇ ਪ੍ਰਿਯਾਂਸ਼ ਨੇ ਪਹਿਲੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਪ੍ਰਭਸਿਮਰਨ ਨੇ ਕੋਨੋਲੀ ਨਾਲ ਮਿਲ ਕੇ ਦੂਜੀ ਵਿਕਟ ਲਈ 57 ਦੌੜਾਂ ਜੋੜੀਆਂ। ਹਾਲਾਂਕਿ ਵਿਚਕਾਰਲੇ ਓਵਰਾਂ ਵਿੱਚ ਲਗਾਤਾਰ ਵਿਕਟਾਂ ਡਿੱਗਣ ਕਾਰਨ ਟੀਮ ਦਬਾਅ ਵਿੱਚ ਆ ਗਈ। ਮੁੰਬਈ ਵੱਲੋਂ ਸ਼ਾਰਦੁਲ ਠਾਕੁਰ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਏ। ਉਨ੍ਹਾਂ ਨੇ ਚਾਰ ਵਿਕਟਾਂ ਹਾਸਲ ਕੀਤੀਆਂ, ਜਦਕਿ ਦੀਪਕ ਚਾਹਰ ਨੇ ਦੋ ਵਿਕਟਾਂ ਆਪਣੇ ਨਾਮ ਕੀਤੀਆਂ। ਪੰਜਾਬ ਨੇ ਸ਼ੁਰੂਆਤ ਵਿੱਚ ਤੇਜ਼ ਰਫ਼ਤਾਰ ਨਾਲ ਸਕੋਰ ਬਣਾਇਆ, ਪਰ ਮੱਧ ਓਵਰਾਂ ਵਿੱਚ ਵਿਕਟਾਂ ਡਿੱਗਣ ਕਾਰਨ ਟੀਮ ਦੀ ਰਫ਼ਤਾਰ ਹੌਲੀ ਹੋ ਗਈ। ਇਸਦੇ ਬਾਵਜੂਦ ਉਮਰਜ਼ਈ ਅਤੇ ਬਾਰਟਲੇਟ ਦੀਆਂ ਤੇਜ਼ ਪਾਰੀਆਂ ਨੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।