ਸੁਖਬੀਰ ਬਾਦਲ ’ਤੇ ਹਮਲੇ ਮਗਰੋਂ ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਕੀਤਾ ਫੋਨ, ਨਿਰਪੱਖ ਜਾਂਚ ਦਾ ਭਰੋਸਾ+
ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਫੋਨ ਕਰਕੇ ਸੁਖਬੀਰ ਸਿੰਘ ਬਾਦਲ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਹਮਲੇ ਦੀ ਘਟਨਾ ’ਤੇ ਚਿੰਤਾ ਜ਼ਾਹਰ ਕੀਤੀ। ਹਰਸਿਮਰਤ ਕੌਰ ਬਾਦਲ ਮੁਤਾਬਕ ਗ੍ਰਹਿ ਮੰਤਰੀ ਨੇ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਮਹਾਰਾਸ਼ਟਰ ਦੇ ਇੱਕ ਗੁਰੂ ਘਰ ਦੇ ਅੰਦਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦੀ ਸਿਹਤ ਬਾਰੇ ਪੁੱਛਗਿੱਛ ਕਰਨ ਲਈ ਅਮਿਤ ਸ਼ਾਹ ਦਾ ਤਹਿ ਦਿਲੋਂ ਧੰਨਵਾਦ ਕੀਤਾ। ਹਰਸਿਮਰਤ ਬਾਦਲ ਨੇ ਕਿਹਾ, “ਮੈਂ ਮਹਾਰਾਸ਼ਟਰ ਵਿੱਚ ਇੱਕ ਗੁਰੂ ਘਰ ਦੇ ਅੰਦਰ ਸੁਖਬੀਰ ਸਿੰਘ ਬਾਦਲ ਜੀ ’ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦੀ ਸਿਹਤ ਬਾਰੇ ਪੁੱਛਗਿੱਛ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਮੈਂ ਇਸ ਮੁਸ਼ਕਲ ਸਮੇਂ ਵਿੱਚ ਤੁਹਾਡੀ ਨਿੱਜੀ ਚਿੰਤਾ ਅਤੇ ਸਹਿਯੋਗ ਲਈ ਧੰਨਵਾਦੀ ਹਾਂ।” ਉਨ੍ਹਾਂ ਇਸ ਦਰਦਨਾਕ ਘਟਨਾ ਦੀ ਪ੍ਰਭਾਵਸ਼ਾਲੀ ਜਾਂਚ ਯਕੀਨੀ ਬਣਾਉਣ ਲਈ ਅਮਿਤ ਸ਼ਾਹ ਵੱਲੋਂ ਦਿੱਤੇ ਭਰੋਸੇ ਅਤੇ ਵਚਨਬੱਧਤਾ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਇਹ ਸੰਪਰਕ ਸਿਆਸੀ ਤੌਰ ’ਤੇ ਵੀ ਅਹਿਮ ਮੰਨਿਆ ਜਾ ਰਿਹਾ ਹੈ। ਸਤੰਬਰ 2020 ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ NDA ਨਾਲੋਂ ਨਾਤਾ ਤੋੜਨ ਤੋਂ ਬਾਅਦ ਅਮਿਤ ਸ਼ਾਹ ਅਤੇ ਹਰਸਿਮਰਤ ਕੌਰ ਬਾਦਲ ਵਿਚਾਲੇ ਇਹ ਪਹਿਲਾ ਸੰਪਰਕ ਹੈ। ਦੋਵੇਂ ਆਗੂ ਪਿਛਲੇ ਕਈ ਸਾਲਾਂ ਤੋਂ ਆਪਸ ਵਿੱਚ ਗੱਲਬਾਤ ਨਹੀਂ ਕਰ ਰਹੇ ਸਨ। ਅਜਿਹੇ ਵਿੱਚ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਤੋਂ ਬਾਅਦ ਅਮਿਤ ਸ਼ਾਹ ਵੱਲੋਂ ਹਰਸਿਮਰਤ ਬਾਦਲ ਨੂੰ ਫੋਨ ਕਰਨਾ ਲੰਬੇ ਸਮੇਂ ਬਾਅਦ ਹੋਇਆ ਮਹੱਤਵਪੂਰਨ ਸੰਪਰਕ ਹੈ।
Posted By: Daily Suraj Bureau