12 ‘ਚੋਂ 7 ਸੀਟਾਂ ਭਾਜਪਾ ਦੇ ਨਾਮ, ‘ਆਪ’ ਨੇ 3 ਜਿੱਤੀਆਂ, ਕਾਂਗਰਸ ਵੀ ਦੌੜ ‘ਚ
- ਦੇਸ਼
- (Asia/Kolkata)
ਭਾਜਪਾ ਨੇ ਦਿੱਲੀ ਐੱਮਸੀਡੀ ਜ਼ਿਮਨੀ ਚੋਣਾਂ ਵਿਚ 12 ਵਿੱਚੋਂ ਸੱਤ ਸੀਟਾਂ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਦੋਂ ਕਿ ਆਮ ਆਦਮੀ ਪਾਰਟੀ (ਆਪ) ਨੇ 3 ਸੀਟਾਂ ਜਿੱਤੀਆਂ ਹਨ ਅਤੇ ਕਾਂਗਰਸ ਵੀ ਇਕ ਸੀਟ ਨਾਲ ਖਾਤਾ ਖੋਲ੍ਹਣ ਵਿਚ ਸਫ਼ਲ ਰਹੀ ਹੈ। ਆਲ ਇੰਡੀਆ ਫਾਰਵਰਡ ਬਲਾਕ ਨੇ ਵੀ ਇੱਕ ਸੀਟ ਜਿੱਤੀ ਹੈ। ਭਾਜਪਾ ਦੇ ਸੁਮਨ ਕੁਮਾਰ ਗੁਪਤਾ ਨੇ ਚਾਂਦਨੀ ਚੌਕ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਸ਼ ਸ਼ਰਮਾ ਨੂੰ 1,182 ਵੋਟਾਂ ਦੇ ਫਰਕ ਨਾਲ ਹਰਾਇਆ।
ਭਗਵਾ ਪਾਰਟੀ ਨੇ ਸ਼ਾਲੀਮਾਰ ਬਾਗ ਬੀ ਵਾਰਡ ਤੋਂ ਵੀ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ, ਜਿੱਥੇ ਅਨੀਤਾ ਜੈਨ ਨੇ 'ਆਪ' ਦੀ ਬਬੀਤਾ ਰਾਣਾ ਨੂੰ 10,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਐੱਮਸੀਡੀ ਉਪ ਚੋਣਾਂ ਲਈ 12 ਵਾਰਡਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਦਿੱਲੀ ਦੇ 10 ਗਿਣਤੀ ਕੇਂਦਰਾਂ ’ਤੇ ਸਖ਼ਤ ਸੁਰੱਖਿਆ ਵਿਚਕਾਰ ਸ਼ੁਰੂ ਹੋਈ।
'ਆਪ' ਨੇ ਮੁੰਡਕਾ ਅਤੇ ਦੱਖਣੀਪੁਰੀ ਵਾਰਡਾਂ 'ਤੇ ਜਿੱਤ ਦਰਜ ਕੀਤੀ, ਜਦਕਿ ਕਾਂਗਰਸ ਦੇ ਸੁਰੇਸ਼ ਚੌਧਰੀ ਨੇ ਸੰਗਮ ਵਿਹਾਰ ਏ ਵਾਰਡ 'ਚ ਭਾਜਪਾ ਦੇ ਸੁਭਾਜੀਤ ਗੌਤਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਚੌਧਰੀ ਨੂੰ 12,766 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਨੂੰ 9,138 ਵੋਟਾਂ ਮਿਲੀਆਂ। ਆਲ ਇੰਡੀਆ ਫਾਰਵਰਡ ਬਲਾਕ ਦੇ ਉਮੀਦਵਾਰ ਮੁਹੰਮਦ ਇਮਰਾਨ ਨੇ ਚਾਂਦਨੀ ਮਹਿਲ ਸੀਟ 'ਤੇ 'ਆਪ' ਦੇ ਮੁਦੱਸਰ ਉਸਮਾਨ ਨੂੰ 4,692 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
Leave a Reply