ਪੰਜਾਬ 'ਚ ਸਿਆਸੀ ਤਰਥੱਲੀ, ਨਵੀਂ ਦਿੱਲੀ 'ਚ ਪਰਚਾ: ਜਾਣੋ ਸੀਬੀਆਈ ਨੇ ਦਿੱਲੀ ਦੇ ਥਾਣੇ 'ਚ ਕਿਉਂ ਦਰਜ ਕੀਤੀ ਭ੍ਰਿਸ਼ਟਾਚਾਰ ਦੀ ਐੱਫ਼.ਆਈ.ਆਰ.
ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਤੇਜ਼ ਹੁੰਦਿਆਂ ਕੇਂਦਰੀ ਜਾਂਚ ਬਿਊਰੋ (CBI) ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਕਾਰਜ ਅਧਿਕਾਰੀ (OSD) ਰਾਜਬੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਨਵੀਂ ਦਿੱਲੀ ਦੇ ਈ.ਓ.-2 (EO-2) ਥਾਣੇ ਵਿੱਚ ਐੱਫ਼.ਆਈ.ਆਰ. ਦਰਜ ਕਰ ਲਈ ਹੈ। ਇਸ ਉੱਚ-ਪੱਧਰੀ ਭ੍ਰਿਸ਼ਟਾਚਾਰ ਮਾਮਲੇ ਦੀ ਪੜਤਾਲ ਸੀਬੀਆਈ ਨਵੀਂ ਦਿੱਲੀ ਦੇ ਏ.ਐੱਸ.ਪੀ. ਸ੍ਰੀ ਕੇ.ਐੱਲ. ਮੋਸੇਸ ਨੂੰ ਸੌਂਪੀ ਗਈ ਹੈ। ਸੀਬੀਆਈ ਵੱਲੋਂ ਇਹ ਮਾਮਲਾ ਐੱਫ਼.ਆਈ.ਆਰ. ਨੰਬਰ RC 2202026 E 0013 ਤਹਿਤ ਦਰਜ ਕੀਤਾ ਗਿਆ ਹੈ, ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 5 ਅਕਤੂਬਰ ਨੂੰ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਅਮਲ ਵਿੱਚ ਲਿਆਂਦਾ ਗਿਆ ਹੈ। ਜਨਤਕ ਕੀਤੀ ਗਈ ਐੱਫ਼.ਆਈ.ਆਰ. ਦੇ ਵੇਰਵਿਆਂ ਅਨੁਸਾਰ, ਹਾਈ ਕੋਰਟ ਦੇ ਆਦੇਸ਼ਾਂ ਤੋਂ ਤੁਰੰਤ ਬਾਅਦ ਈਡੀ (ED) ਨੇ ਈ-ਮੇਲ ਰਾਹੀਂ ਪੰਜਾਬ ਦੇ ਡੀ.ਜੀ.ਪੀ. ਨੂੰ ਭੇਜੇ ਪੱਤਰਾਂ ਦੀਆਂ ਕਾਪੀਆਂ ਸੀਬੀਆਈ ਨੂੰ ਸੌਂਪ ਦਿੱਤੀਆਂ ਸਨ। ਇਸ ਦੇ ਆਧਾਰ 'ਤੇ ਸੀਬੀਆਈ ਨੇ 5 ਅਕਤੂਬਰ ਦੀ ਰਾਤ 11:49 ਵਜੇ ਮਾਮਲਾ ਦਰਜ ਕੀਤਾ, ਜਿਸ ਵਿੱਚ ਈਡੀ ਦੇ ਸਹਾਇਕ ਡਾਇਰੈਕਟਰ ਅਕਸ਼ੈ ਕੁਮਾਰ ਸ਼ਿਕਾਇਤਕਰਤਾ ਹਨ। ਇਸ ਐੱਫ਼.ਆਈ.ਆਰ. ਦੇ ਆਧਾਰ 'ਤੇ ਹੀ ਅਗਲੇ ਦਿਨ ਸ਼ਾਮ 5 ਵਜੇ ਤੋਂ ਬਾਅਦ ਜਾਂਚ ਏਜੰਸੀ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕੀਤੀ ਗਈ ਸੀ। ਇਸ ਕੇਸ ਵਿੱਚ ਸਾਲ 2023 ਤੋਂ 2026 ਦਰਮਿਆਨ ਹੋਈਆਂ ਕਥਿਤ ਗੜਬੜੀਆਂ ਦੀ ਜਾਂਚ ਕੀਤੀ ਜਾਣੀ ਹੈ। ਦਰਜ ਮਾਮਲੇ ਅਨੁਸਾਰ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ, ਸਰਕਾਰੀ ਨੀਤੀਗਤ ਫ਼ੈਸਲਿਆਂ 'ਚ ਦਖ਼ਲਅੰਦਾਜ਼ੀ, ਟੈਂਡਰ ਪ੍ਰਕਿਰਿਆਵਾਂ ਅਤੇ ਅਸਲਾ ਲਾਇਸੈਂਸ ਜਾਰੀ ਕਰਨ 'ਚ ਕਥਿਤ ਤੌਰ 'ਤੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਹੋਣ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ।ਮਾਮਲੇ ਦਾ ਵਿਸ਼ੇਸ਼ ਪਹਿਲੂ ਇਹ ਹੈ ਕਿ ਪੰਜਾਬ ਨਾਲ ਸਬੰਧਤ ਇਸ ਕਾਰਵਾਈ ਦਾ ਪਰਚਾ ਸੀਬੀਆਈ ਵੱਲੋਂ ਨਵੀਂ ਦਿੱਲੀ ਵਿਖੇ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਲੰਘੇ ਮੰਗਲਵਾਰ ਨੂੰ ਛਾਪੇਮਾਰੀ ਕਰਨ ਪਹੁੰਚੀਆਂ ਸੀਬੀਆਈ ਦੀਆਂ ਟੀਮਾਂ ਵਿੱਚ ਪੰਜਾਬ ਜਾਂ ਚੰਡੀਗੜ੍ਹ ਦੇ ਕਿਸੇ ਵੀ ਸਥਾਨਕ ਅਧਿਕਾਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।ਐੱਫ਼.ਆਈ.ਆਰ. ਵਿੱਚ OSD ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਤਿਨ ਗੋਹਲ ਉਰਫ਼ ਰਾਜਾ, ਡਾ. ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ ਆਰ.ਐੱਸ. ਨਾਗਰਾ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਅਣਪਛਾਤੇ ਸਰਕਾਰੀ ਅਤੇ ਪ੍ਰਾਈਵੇਟ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਾਂਚ ਦੇ ਸਬੰਧ ਵਿੱਚ ਸੀਬੀਆਈ ਨੇ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਕੈਂਪ ਦਫ਼ਤਰ ਤੋਂ ਇਲਾਵਾ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਵਿੱਚ ਵੀ ਛਾਪੇਮਾਰੀ ਕਰ ਕੇ ਜ਼ਰੂਰੀ ਦਸਤਾਵੇਜ਼ ਤੇ ਸਾਮਾਨ ਜ਼ਬਤ ਕੀਤਾ ਹੈ।