ਜੰਤਰ-ਮੰਤਰ 'ਤੇ AISA ਦੇ ਤਿੰਨ ਵਿਦਿਆਰਥੀ ਆਗੂਆਂ ਨੇ 23 ਦਿਨਾਂ ਬਾਅਦ ਭੁੱਖ ਹੜਤਾਲ ਕੀਤੀ ਸਮਾਪਤ
- ਦੇਸ਼
- (Asia/Kolkata)
ਨਵੀਂ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਪਿਛਲੇ 23 ਦਿਨਾਂ ਤੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 'ਤੇ ਬੈਠੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਵਿਦਿਆਰਥੀ ਆਗੂ ਨੇਹਾ, ਮਨੀਸ਼ ਅਤੇ ਆਮੀਨ ਨੇ ਸੋਮਵਾਰ ਨੂੰ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ। ਇਹ ਫ਼ੈਸਲਾ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ, ਸਮਾਜਿਕ ਕਾਰਕੁਨਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੇ ਇੱਕ ਵਫ਼ਦ ਦੀ ਅਪੀਲ ਤੋਂ ਬਾਅਦ ਲਿਆ ਗਿਆ। ਭੁੱਖ ਹੜਤਾਲ ਖ਼ਤਮ ਕਰਨ ਦੇ ਨਾਲ ਹੀ ਵਿਦਿਆਰਥੀ ਆਗੂਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ ਅਤੇ ਉਹ ਅਗਲੇ ਇੱਕ ਮਹੀਨੇ ਤੱਕ ਆਪਣੀਆਂ ਮੰਗਾਂ ਲਈ ਮੁਹਿੰਮ ਚਲਾਉਣਗੇ। AISA ਮੁਤਾਬਕ, ਰਾਜ ਸਭਾ ਮੈਂਬਰ ਮਨੋਜ ਝਾਅ, ਸੰਸਦ ਮੈਂਬਰ ਰਾਜਾਰਾਮ ਸਿੰਘ ਅਤੇ ਅਮਰਾ ਰਾਮ, ਸਮਾਜਿਕ ਕਾਰਕੁਨ ਯੋਗੇਂਦਰ ਯਾਦਵ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਪ੍ਰੋਫੈਸਰ ਅਤੁਲ ਸੂਦ ਅਤੇ ਅਦਾਕਾਰ ਪ੍ਰਕਾਸ਼ ਰਾਜ ਅਤੇ ਸ਼ਬਾਨਾ ਆਜ਼ਮੀ ਸਮੇਤ ਇੱਕ ਵਫ਼ਦ ਨੇ ਵਿਦਿਆਰਥੀਆਂ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਵਿਰੋਧੀ ਧਿਰ ਨੇ ਸੰਸਦ ਵਿੱਚ ਮੰਗਾਂ ਉਠਾਉਣ ਦਾ ਦਿੱਤਾ ਭਰੋਸਾ ਇਸ ਮੌਕੇ ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਭੁੱਖ ਹੜਤਾਲ ਦਾ ਅੰਤ ਨਹੀਂ, ਸਗੋਂ ਸੰਘਰਸ਼ ਦੇ ਇਸ ਪੜਾਅ ਦਾ ਸਮਾਪਨ ਹੈ। ਰਾਜ ਸਭਾ ਮੈਂਬਰ ਮਨੋਜ ਝਾਅ ਨੇ ਕਿਹਾ ਕਿ ਵਿਦਿਆਰਥੀਆਂ ਨੇ ਆਪਣੇ ਸੰਘਰਸ਼ ਰਾਹੀਂ ਵੱਡੀ ਪ੍ਰਾਪਤੀ ਕੀਤੀ ਹੈ ਅਤੇ ਸਰਕਾਰ ਨੂੰ ਕਈ ਮੋਰਚਿਆਂ 'ਤੇ ਬੇਨਕਾਬ ਕੀਤਾ ਹੈ। ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਉਨ੍ਹਾਂ ਦੀ ਪੀੜ੍ਹੀ ਜਨਰੇਸ਼ਨ ਜ਼ੈੱਡ (GenZ) ਲਈ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾ ਸਕੀ, ਪਰ ਨੌਜਵਾਨਾਂ ਦੇ ਇਸ ਸੰਘਰਸ਼ ਨੇ ਅੱਗੇ ਵਧਣ ਦਾ ਰਸਤਾ ਦਿਖਾਇਆ ਹੈ। ਸੰਸਦ ਮੈਂਬਰ ਰਾਜਾਰਾਮ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦਾ ਇਹ ਸੰਘਰਸ਼ ਹੁਣ ਲੋਕਤੰਤਰ ਦੇ ਸਭ ਤੋਂ ਵੱਡੇ ਮੰਚ ਸੰਸਦ ਵਿੱਚ ਵੀ ਗੂੰਜੇਗਾ ਅਤੇ ਵਿਰੋਧੀ ਧਿਰ ਉਨ੍ਹਾਂ ਦੀਆਂ ਮੰਗਾਂ ਨੂੰ ਉਠਾਏਗੀ। ਸਿਹਤ 'ਤੇ ਪਿਆ ਗੰਭੀਰ ਅਸਰ AISA ਨੇ ਦਾਅਵਾ ਕੀਤਾ ਕਿ 23 ਦਿਨਾਂ ਦੀ ਭੁੱਖ ਹੜਤਾਲ ਦੌਰਾਨ ਤਿੰਨਾਂ ਵਿਦਿਆਰਥੀਆਂ ਦੇ ਸਰੀਰ ਦਾ ਭਾਰ 12 ਫ਼ੀਸਦੀ ਤੋਂ ਵੱਧ ਘੱਟ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਹੁਤ ਘੱਟ ਬਲੱਡ ਸ਼ੂਗਰ ਅਤੇ ਅੰਦਰੂਨੀ ਅੰਗਾਂ 'ਤੇ ਗੰਭੀਰ ਪ੍ਰਭਾਵ ਦਾ ਸਾਹਮਣਾ ਕਰਨਾ ਪਿਆ। ਭੁੱਖ ਹੜਤਾਲ ਸਮਾਪਤ ਹੋਣ ਮੌਕੇ AISA ਦੇ ਵੱਡੀ ਗਿਣਤੀ ਵਿੱਚ ਕਾਰਕੁਨ ਜੰਤਰ-ਮੰਤਰ 'ਤੇ ਮੌਜੂਦ ਰਹੇ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵਿਦਿਆਰਥੀਆਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ। ਇੱਕ ਮਹੀਨੇ ਦੀ ਮੁਹਿੰਮ ਦਾ ਐਲਾਨ ਸੰਗਠਨ ਨੇ ਐਲਾਨ ਕੀਤਾ ਕਿ ਜੰਤਰ-ਮੰਤਰ ਅੰਦੋਲਨ ਦੀਆਂ ਮੰਗਾਂ ਨੂੰ ਅੱਗੇ ਵਧਾਉਂਦਿਆਂ ਸੰਸਦ ਸੈਸ਼ਨ ਦੇ ਸਮਾਨਾਂਤਰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ, ਨੈਸ਼ਨਲ ਟੈਸਟਿੰਗ ਏਜੰਸੀ (NTA) ਅਤੇ ਨਵੀਂ ਸਿੱਖਿਆ ਨੀਤੀ (NEP) 2020 ਦੇ ਵਿਰੋਧ ਵਿੱਚ ਇੱਕ ਮਹੀਨੇ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
Leave a Reply