ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ‘ਹੰਟਿੰਗ ਪਰਮਿਟ’ ਪੋਸਟ ਦੇ ਦੋਸ਼ ’ਚ 57 ਸਾਲਾ ਵਿਅਕਤੀ ਗ੍ਰਿਫ਼ਤਾਰ

ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ‘ਹੰਟਿੰਗ ਪਰਮਿਟ’ ਪੋਸਟ ਦੇ ਦੋਸ਼ ’ਚ 57 ਸਾਲਾ ਵਿਅਕਤੀ ਗ੍ਰਿਫ਼ਤਾਰ

ਕੈਨੇਡਾ ਦੇ ਵਿਟਬੀ ਵਿੱਚ 57 ਸਾਲਾ ਇੱਕ ਵਿਅਕਤੀ ਨੂੰ ਸੋਸ਼ਲ ਮੀਡੀਆ ’ਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਕਥਿਤ ਤੌਰ ’ਤੇ ਨਫ਼ਰਤ ਅਤੇ ਹਿੰਸਾ ਭੜਕਾਉਣ ਵਾਲੀ ਸਮੱਗਰੀ ਸਾਂਝੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਹਾਮ ਰੀਜਨਲ ਪੁਲਿਸ ਮੁਤਾਬਕ ਸ਼ੱਕੀ ਵਿਅਕਤੀ ਸੋਸ਼ਲ ਮੀਡੀਆ ’ਤੇ ‘ਸ਼ੌਕ ਸਟਰਾਈਫ’ (Shok Strife) ਨਾਮ ਦੀ ਵਰਤੋਂ ਕਰਦਾ ਸੀ। ਪੁਲਿਸ ਨੇ ਉਸ ਦੀ ਪਛਾਣ ਸੀਨ ਫੈਰੋ ਵਜੋਂ ਕੀਤੀ ਹੈ। ਪੁਲਿਸ ਅਨੁਸਾਰ ਫੈਰੋ ’ਤੇ ਨਫ਼ਰਤ ਭਰੀਆਂ ਧਮਕੀਆਂ ਦੇਣ ਅਤੇ ਜਨਤਕ ਥਾਂ ’ਤੇ ਨਫ਼ਰਤ ਫੈਲਾਉਣ ਸਮੇਤ ਕਈ ਦੋਸ਼ ਲਗਾਏ ਗਏ ਹਨ। ਉਸ ਨੂੰ ਜ਼ਮਾਨਤ ਸਬੰਧੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਅਦਾਲਤ ਵਿੱਚ ਅਜੇ ਪੁਸ਼ਟੀ ਨਹੀਂ ਹੋਈ ਹੈ। ਦਰਹਾਮ ਪੁਲਿਸ ਮੁਤਾਬਕ ਜਾਂਚ ਉਸ ਸਮੇਂ ਸ਼ੁਰੂ ਹੋਈ ਜਦੋਂ ਫੈਰੋ ਦੀ ਫੇਸਬੁੱਕ ਪ੍ਰੋਫਾਈਲ ’ਤੇ ਇੱਕ ਤਸਵੀਰ ਸਾਂਝੀ ਕੀਤੀ ਗਈ। ਪੁਲਿਸ ਦੇ ਅਨੁਸਾਰ, ਤਸਵੀਰ ਵਿੱਚ ਉੱਤਰੀ ਅਮਰੀਕਾ ਦੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਥਿਤ ‘ਹੰਟਿੰਗ ਪਰਮਿਟ’ ਦਾ ਇਸ਼ਤਿਹਾਰ ਦਿਖਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਫੈਰੋ ਨੇ ਇਸ ਤਸਵੀਰ ਦੇ ਨਾਲ ਲੋਕਾਂ ਨੂੰ ਰਜਿਸਟਰ ਕਰਨ ਦੀ ਅਪੀਲ ਵੀ ਕੀਤੀ ਸੀ। ਪੁਲਿਸ ਮੁਤਾਬਕ ਉਸ ਦੀ ਫੇਸਬੁੱਕ ਪ੍ਰੋਫਾਈਲ ਦੇ ਲਗਭਗ 29,000 ਫਾਲੋਅਰਜ਼ ਹਨ। ਦਰਹਾਮ ਰੀਜਨਲ ਪੁਲਿਸ ਨੇ ਕਿਹਾ ਕਿ ਕੈਨੇਡਾ ਦੇ ਕੌਂਬੈਟਿੰਗ ਹੇਟ ਐਕਟ (ਬਿੱਲ ਸੀ-9) ਰਾਹੀਂ ਕ੍ਰਿਮਿਨਲ ਕੋਡ ਵਿੱਚ ਕੀਤੀਆਂ ਗਈਆਂ ਹਾਲੀਆ ਸੋਧਾਂ ਨੇ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਖ਼ਿਲਾਫ਼ ਕਾਨੂੰਨੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਹੈ।