ਹਾਈ ਕੋਰਟ ’ਚ ਪਟੀਸ਼ਨ: ਕਾਂਗਰਸ ਨੇ ਉਠਾਇਆ ਕੌਂਸਲ ਚੋਣਾਂ ਦਾ ਮੁੱਦਾ
- ਪੰਜਾਬ
- (Asia/Kolkata)
ਨਗਰ ਕੌਂਸਲ ਮਾਛੀਵਾੜਾ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਛੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਵੱਲੋਂ ਰੱਦ ਕਰਨ ਮਗਰੋਂ ਕਾਂਗਰਸ ਨੇ ਹਾਈ ਕੋਰਟ ਦਾ ਰੁਖ਼ ਕਰਦਿਆਂ ਪਟੀਸ਼ਨ ਦਾਇਰ ਕਰ ਦਿੱਤੀ ਹੈ। ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਪਾਰਟੀ ਉਮੀਦਵਾਰਾਂ ਨਾਲ ਹੋਈ ਧੱਕੇਸ਼ਾਹੀ ਸਬੰਧੀ ਉਨ੍ਹਾਂ ਵੱਲੋਂ ਪਹਿਲਾਂ ਚੋਣ ਕਮਿਸ਼ਨ ਕੋਲ ਪਟੀਸ਼ਨ ਦਾਇਰ ਕੀਤੀ ਹੋਈ ਹੈ ਤੇ ਹੁਣ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਦਿਆਂ ਅਪੀਲ ਕੀਤੀ ਹੈ ਕਿ ਜਦੋਂ ਤੱਕ ਮਾਮਲੇ ਦੀ ਸੁਣਵਾਈ ਮੁਕੰਮਲ ਨਹੀਂ ਹੋ ਜਾਂਦੀ, ਉਦੋਂ ਤੱਕ ਜਿਨ੍ਹਾਂ ਛੇ ਵਾਰਡਾਂ ਵਿੱਚ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਸਨ, ਦੀ ਚੋਣ ’ਤੇ ਰੋਕ ਲਾਈ ਜਾਵੇ।
ਰਾਜਾ ਗਿੱਲ ਨੇ ਕਿਹਾ ਕਿ ਚੋਣ ਅਧਿਕਾਰੀ ਨੇ ਸਿਆਸੀ ਸ਼ਹਿ ’ਤੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਕਿਉਂਕਿ ਜੇ ਕਿਸੇ ਉਮੀਦਵਾਰ ’ਤੇ ਇਤਰਾਜ਼ ਲੱਗਦਾ ਹੈ ਤਾਂ ਉਸ ਨੂੰ ਲਿਖਤੀ ਰੂਪ ਵਿਚ ਨੋਟਿਸ ਜਾਂਦਾ ਹੈ ਤੇ ਉਹ ਆਪਣਾ ਪੱਖ ਰੱਖਦਾ ਹੈ ਪਰ ਹੈੈਰਾਨੀ ਦੀ ਗੱਲ ਹੈ ਕਿ ਮਾਛੀਵਾੜਾ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਨੂੰ ਇਤਰਾਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਮਰਾਲਾ ਨਗਰ ਕੌਂਸਲ ਦੇ ਵਾਰਡ ਨੰਬਰ-12 ਵਿਚ ਵੀ ਕਾਂਗਰਸੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕਰਨ ’ਤੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀ ਨੇ ਪਹਿਲਾਂ ਕਾਂਗਰਸ ਪਾਰਟੀ ਉਮੀਦਵਾਰ ਨੂੰ ਯੋਗ ਕਰਾਰ ਦੇ ਦਿੱਤਾ ਪਰ ਬਾਅਦ ਵਿਚ ਉਸ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ। ਸ੍ਰੀ ਗਿੱਲ ਨੇ ਦੱਸਿਆ ਕਿ ਅਦਾਲਤ ’ਚ ਇਨ੍ਹਾਂ ਪਟੀਸ਼ਨਾਂ ਸਬੰਧੀ 20 ਦਸੰਬਰ ਨੂੰ ਸੁਣਵਾਈ ਹੋ ਸਕਦੀ ਹੈ।
Leave a Reply