ਟੋਰਾਂਟੋ: ਯੌਰਕਡੇਲ ਟਰਮੀਨਲ ’ਤੇ ਬੱਸ ਵਿੱਚ ਚੱਲੀ ਗੋਲੀ, ਹੋਮੀਸਾਈਡ ਯੂਨਿਟ ਵੱਲੋਂ ਜਾਂਚ

ਟੋਰਾਂਟੋ: ਯੌਰਕਡੇਲ ਟਰਮੀਨਲ ’ਤੇ ਬੱਸ ਵਿੱਚ ਚੱਲੀ ਗੋਲੀ, ਹੋਮੀਸਾਈਡ ਯੂਨਿਟ ਵੱਲੋਂ ਜਾਂਚ

ਟੋਰਾਂਟੋ, ਯੌਰਕਡੇਲ ਗੋ ਟਰਮੀਨਲ ਉੱਤੇ ਖੜ੍ਹੀ ਇੱਕ ਬੱਸ ਵਿੱਚ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਦੀ ਟੋਰਾਂਟੋ ਪੁਲਿਸ ਦੀ ਹੋਮੀਸਾਈਡ ਯੂਨਿਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਐਤਵਾਰ ਸ਼ਾਮ ਨੂੰ ਯੌਰਕਡੇਲ ਰੋਡ ਅਤੇ ਐਲਨ ਐਕਸਪ੍ਰੈੱਸਵੇਅ ਦੇ ਰੈਂਪ ਨੇੜੇ ਵਾਪਰੀ।
ਜਾਂਚਕਾਰਾਂ ਅਨੁਸਾਰ, ਪੁਲਿਸ ਨੂੰ ਸ਼ਾਮ ਕਰੀਬ 7:00 ਵਜੇ ਬੱਸ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੀ ਪੁਲਿਸ ਨੂੰ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ। ਪੈਰਾਮੈਡਿਕਸ ਵੱਲੋਂ ਜਾਂਚ ਕੀਤੀ ਗਈ, ਪਰ ਕਿਸੇ ਨੂੰ ਵੀ ਹਸਪਤਾਲ ਨਹੀਂ ਲਿਜਾਇਆ ਗਿਆ ਅਤੇ ਮੌਕੇ ’ਤੇ ਹੀ ਉਸ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋ ਗਈ।
ਘਟਨਾ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਸੰਭਾਵੀ ਮਸ਼ਕੂਕ ਦਾ ਵੇਰਵਾ ਜਾਰੀ ਕੀਤਾ ਹੈ। ਪੁਲਿਸ ਮੁਤਾਬਕ, ਮਸ਼ਕੂਕ ਦੀ ਉਮਰ 20ਵਿਆਂ ਦੇ ਅਖੀਰ ਵਿੱਚ ਦੱਸੀ ਜਾ ਰਹੀ ਹੈ, ਰੰਗ ਕਣਕਵਿੰਨ੍ਹਾ ਹੈ ਅਤੇ ਕੱਦ ਲਗਭਗ ਪੰਜ ਫੁੱਟ ਅੱਠ ਇੰਚ ਹੈ। ਉਸ ਨੂੰ ਆਖਰੀ ਵਾਰੀ ਗ੍ਰੇਅ ਰੰਗ ਦਾ ਟਰੈਕਸੂਟ ਅਤੇ ਕਾਲੇ ਰੰਗ ਦੀ ਜੈਕੇਟ ਪਹਿਨੀ ਹੋਈ ਸੀ, ਜਿਸ ’ਤੇ ਜਾਅਲੀ ਲਾਲ ਅਤੇ ਭੂਰੇ ਰੰਗ ਦੀ ਫਰ ਲੱਗੀ ਹੋਈ ਸੀ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜਾਂਚ ਜਾਰੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਘਟਨਾ ਸਬੰਧੀ ਕੋਈ ਜਾਣਕਾਰੀ ਜਾਂ ਵੀਡੀਓ ਫੁਟੇਜ ਹੋਵੇ ਤਾਂ ਉਹ ਟੋਰਾਂਟੋ ਪੁਲਿਸ ਨਾਲ ਸੰਪਰਕ ਕਰਨ।