ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਦਾ ਮਾਮਲਾ: ਵਾਲਮੀਕ ਸਮਾਜ ਵੱਲੋਂ 10 ਸਤੰਬਰ ਨੂੰ ਹੁਸ਼ਿਆਰਪੁਰ ਬੰਦ ਦਾ ਐਲਾਨ
ਲੁਧਿਆਣਾ ਵਿੱਚ ਸੰਵਿਧਾਨ ਰਚੇਤਾ ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੀ ਘਟਨਾ ਦੇ ਵਿਰੋਧ ਵਿੱਚ ਵਾਲਮੀਕ ਸਮਾਜ ਵੱਲੋਂ ਵੀਰਵਾਰ, 10 ਸਤੰਬਰ ਨੂੰ ਹੁਸ਼ਿਆਰਪੁਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਲਮੀਕ ਆਗੂ ਰਿਸ਼ੂ ਆਦੀਆ, ਕਮਲ ਭੱਟੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਖਿਆ ਕਿ ਡਾ. ਅੰਬੇਦਕਰ ਦੇ ਹੋਏ ਅਪਮਾਨ ਕਾਰਨ ਸਮੁੱਚੇ ਦਲਿਤ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਅੰਦਰ ਅਜਿਹੀਆਂ ਘਟਨਾਵਾਂ ਦਾ ਵਾਰ-ਵਾਰ ਵਾਪਰਨਾ ਪੰਜਾਬ ਦੀ ਅਮਨ-ਕਾਨੂੰਨ ਵਿਵਸਥਾ 'ਤੇ ਗੰਭੀਰ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਆਗੂਆਂ ਨੇ ਖ਼ਦਸ਼ਾ ਜਤਾਇਆ ਕਿ ਸੂਬੇ ਦਾ ਸ਼ਾਂਤਮਈ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਕਿਸੇ ਸਾਜ਼ਿਸ਼ ਤਹਿਤ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਹੀ ਇਸ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਮਾਜਿਕ ਆਗੂਆਂ ਨੇ ਵਪਾਰੀ ਵਰਗ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਸਥਾਨਕ ਪ੍ਰਸ਼ਾਸਨ ਤੋਂ ਵੀ ਮਦਦ ਦੀ ਮੰਗ ਕੀਤੀ ਹੈ। ਵਾਲਮੀਕ ਭਾਈਚਾਰੇ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬੰਦ ਦੌਰਾਨ ਕੋਈ ਸਰਕਾਰੀ ਅਦਾਰਾ, ਬੈਂਕ ਜਾਂ ਵਿਦਿਅਕ ਸੰਸਥਾ ਖੁੱਲ੍ਹੀ ਪਾਈ ਗਈ ਤਾਂ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਉਹ ਅਦਾਰੇ ਅਤੇ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੋਣਗੇ। ਬੰਦ ਦੀ ਰੂਪ-ਰੇਖਾ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸੜਕੀ ਆਵਾਜਾਈ ਮੁਕੰਮਲ ਤੌਰ 'ਤੇ ਠੱਪ ਕੀਤੀ ਜਾਵੇਗੀ, ਜਦਕਿ ਐਮਰਜੈਂਸੀ ਸੇਵਾਵਾਂ ਨੂੰ ਇਸ ਬੰਦ ਤੋਂ ਪੂਰੀ ਛੋਟ ਰਹੇਗੀ।
Posted By: Daily Suraj Bureau