ਕੈਨੇਡਾ ਵਿੱਚ ਭਟਕਦੀਆਂ ਗੋਲੀਆਂ ਬਣੀਆਂ ਕਾਲ: ਘਰ 'ਚ ਬੈਠੇ 85 ਸਾਲਾ ਚਾਂਗ ਯੋਂਗ ਚੋ ਦੀ ਮੌਤ ਨਾਲ ਫਿਰ ਗਰਮਾਇਆ ਮੁੱਦਾ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (B.C.) ਸੂਬੇ ਦੇ ਸ਼ਹਿਰ ਬਰਨਬੀ ਵਿੱਚ 85 ਸਾਲਾ ਬਜ਼ੁਰਗ ਚਾਂਗ ਯੋਂਗ ਚੋ (Chang Yong Cho) ਦੀ ਆਪਣੇ ਹੀ ਘਰ ਅੰਦਰ ਭਟਕਦੀ ਗੋਲੀ (Stray Bullet) ਲੱਗਣ ਕਾਰਨ ਹੋਈ ਮੌਤ ਨੇ ਦੇਸ਼ ਭਰ ਵਿੱਚ ਇੱਕ ਵਾਰ ਫਿਰ ਬੰਦੂਕ ਹਿੰਸਾ ਅਤੇ ਬੇਗੁਨਾਹਾਂ ਦੀ ਸੁਰੱਖਿਆ 'ਤੇ ਗੰਭੀਰ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਕੈਨੇਡਾ ਵਿੱਚ ਪਿਛਲੇ 30 ਸਾਲਾਂ ਅੰਦਰ ਅਵਾਰਾ ਗੋਲੀਆਂ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆਉਣ ਜਾਂ ਜ਼ਖ਼ਮੀ ਹੋਣ ਵਾਲੇ ਦਰਜਨਾਂ ਬੇਕਸੂਰਾਂ ਦੇ ਮਾਮਲਿਆਂ ਵਿੱਚ ਇਹ ਤਾਜ਼ਾ ਘਟਨਾ ਜੁੜ ਗਈ ਹੈ। ਪੁਲਿਸ ਜਾਂਚਕਰਤਾਵਾਂ ਅਨੁਸਾਰ ਇਹ ਘਟਨਾ 30 ਅਗਸਤ ਦੀ ਰਾਤ ਕਰੀਬ 1:30 ਵਜੇ ਵਾਪਰੀ, ਜਦੋਂ ਲਗਭਗ ਇੱਕ ਬਲਾਕ ਦੂਰ ਚੱਲੀ ਗੋਲੀ ਚਾਂਗ ਯੋਂਗ ਚੋ ਦੇ ਘਰ ਅੰਦਰ ਆ ਲੱਗੀ। ਪੁਲਿਸ ਦਾ ਮੰਨਣਾ ਹੈ ਕਿ ਇਲਾਕੇ ਦੇ ਕੁਝ ਸਥਾਨਕ ਲੋਕਾਂ ਅਤੇ ਨੌਜਵਾਨਾਂ ਕੋਲ ਇਸ ਬਾਰੇ ਅਹਿਮ ਜਾਣਕਾਰੀ ਹੈ, ਜਿਸ ਲਈ ਪੁਲਿਸ ਨੇ ਉਨ੍ਹਾਂ ਨੂੰ ਖ਼ੁਦ ਸਾਹਮਣੇ ਆ ਕੇ ਜਾਂਚ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਅੰਕੜਿਆਂ ਅਨੁਸਾਰ ਪਿਛਲੇ 10 ਸਾਲਾਂ ਵਿੱਚ ਕੈਨੇਡਾ ਅੰਦਰ ਘੱਟੋ-ਘੱਟ 9 ਲੋਕ ਅਜਿਹੀਆਂ ਭਟਕਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਹਨ, ਜਦਕਿ 1990 ਤੋਂ ਲੈ ਕੇ ਹੁਣ ਤੱਕ 30 ਤੋਂ ਵੱਧ ਲੋਕ ਇਨ੍ਹਾਂ ਘਟਨਾਵਾਂ ਤੋਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ 16 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਘਰਾਂ ਵਿੱਚ ਸੁੱਤੇ ਬੱਚਿਆਂ ਤੋਂ ਲੈ ਕੇ ਜਨਤਕ ਥਾਵਾਂ 'ਤੇ ਮੌਜੂਦ ਬਜ਼ੁਰਗ ਅਤੇ ਵਿਦਿਆਰਥੀ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਦੁਖਦਾਈ ਘਟਨਾਵਾਂ ਦੇਸ਼ ਨੂੰ ਝੰਜੋੜ ਚੁੱਕੀਆਂ ਹਨ। ਸਾਲ 2018 ਵਿੱਚ ਵੈਨਕੂਵਰ ਦੀ ਇੱਕ ਮੁੱਖ ਸੜਕ 'ਤੇ ਗੈਂਗਸਟਰਾਂ ਦੀ ਗੋਲੀਬਾਰੀ ਦੌਰਾਨ ਕਾਰ ਵਿੱਚ ਜਾ ਰਹੇ 15 ਸਾਲਾ ਅਲਫ੍ਰੇਡ ਵੌਂਗ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਜਿਸ ਮਾਮਲੇ ਵਿੱਚ ਕੇਨ ਕਾਰਟਰ ਨੂੰ ਜੁਲਾਈ ਵਿੱਚ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸੇ ਤਰ੍ਹਾਂ ਅਪ੍ਰੈਲ 2025 ਵਿੱਚ ਹੈਮਿਲਟਨ ਵਿਖੇ ਬਸ ਦੀ ਉਡੀਕ ਕਰ ਰਹੀ 21 ਸਾਲਾ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਅਤੇ ਅਗਸਤ 2025 ਵਿੱਚ ਟੋਰਾਂਟੋ ਵਿਖੇ ਆਪਣੇ ਬੈੱਡ 'ਤੇ ਸੁੱਤੇ 8 ਸਾਲਾ ਜਹਵਾਈ ਰੋਏ ਦੀ ਵੀ ਅਵਾਰਾ ਗੋਲੀ ਲੱਗਣ ਕਾਰਨ ਜਾਨ ਚਲੀ ਗਈ ਸੀ। ਹੋਰਨਾਂ ਘਟਨਾਵਾਂ ਵਿੱਚ 2020 ਵਿੱਚ ਟੋਰਾਂਟੋ ਦੇ 12 ਸਾਲਾ ਡਾਂਟੇ ਅੰਦ੍ਰੇਤਾ ਮਾਰੋਕਿਨ, 2011 ਵਿੱਚ ਐਡਮੰਟਨ ਨੇੜੇ ਸੁੱਤੇ ਹੋਏ 5 ਸਾਲਾ ਈਥਨ ਯੈਲੋਬਰਡ ਅਤੇ 2007 ਵਿੱਚ ਟੋਰਾਂਟੋ ਵਿੱਚ ਬਰਥਡੇ ਪਾਰਟੀ ਦੌਰਾਨ 11 ਸਾਲਾ ਇਫ੍ਰੇਮ ਬ੍ਰਾਊਨ ਦੀ ਵੀ ਗੋਲੀਬਾਰੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਸੀ। ਜਦਕਿ 2005 ਵਿੱਚ ਪੋਰਟ ਮੂਡੀ ਵਿਖੇ ਆਪਣੇ ਘਰ ਵਿੱਚ ਟੀਵੀ ਦੇਖ ਰਹੀ ਲੌਰੀ ਟਿੰਗਾ ਦੇ ਸਿਰ ਵਿੱਚ ਗੋਲੀ ਲੱਗਣ ਦੇ ਬਾਵਜੂਦ ਉਹ ਬਚਣ ਵਿੱਚ ਸਫ਼ਲ ਰਹੀ ਸੀ। ਪੁਲਿਸ ਇਨ੍ਹਾਂ ਘਟਨਾਵਾਂ ਨੂੰ ਗੈਂਗਵਾਰ ਅਤੇ ਨਾਜਾਇਜ਼ ਅਸਲੇ ਦਾ ਸਿੱਟਾ ਮੰਨ ਰਹੀ ਹੈ।
Posted By: Daily Suraj Bureau