ਕਿਸਾਨ ਮਜ਼ਦੂਰ ਮੋਰਚਾ ਵੱਲੋਂ ਗ੍ਰਿਫ਼ਤਾਰੀਆਂ ਦੇ ਵਿਰੋਧ ’ਚ ਪੰਜਾਬ ਭਰ ਵਿੱਚ ਪੁਤਲੇ ਸਾੜੇ, ਆਗੂ ਰਿਹਾਅ ਨਾ ਹੋਣ ’ਤੇ 20 ਜਨਵਰੀ ਤੋਂ ਐੱਸਐੱਸਪੀ ਦਫ਼ਤਰਾਂ ਅੱਗੇ ਮੋਰਚੇ

ਕਿਸਾਨ ਮਜ਼ਦੂਰ ਮੋਰਚਾ ਵੱਲੋਂ ਗ੍ਰਿਫ਼ਤਾਰੀਆਂ ਦੇ ਵਿਰੋਧ ’ਚ ਪੰਜਾਬ ਭਰ ਵਿੱਚ ਪੁਤਲੇ ਸਾੜੇ, ਆਗੂ ਰਿਹਾਅ ਨਾ ਹੋਣ ’ਤੇ 20 ਜਨਵਰੀ ਤੋਂ ਐੱਸਐੱਸਪੀ ਦਫ਼ਤਰਾਂ ਅੱਗੇ ਮੋਰਚੇ

ਅੰਮ੍ਰਿਤਸਰ, (ਆਰ.ਕੇ. ਸੋਨੀ) — ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੰਜਾਬ ਸਰਕਾਰ ਦੁਆਰਾ ਕਿਸਾਨ ਆਗੂਆਂ ਅਤੇ ਵਰਕਰਾਂ ਦੀਆਂ ਕੀਤੀਆਂ ਗਈਆਂ ਗੈਰਕਾਨੂੰਨੀ ਅਤੇ ਗੈਰਲੋਕਤੰਤਰਿਕ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਸੈਂਕੜੇ ਪੁਤਲੇ ਸਾੜ ਕੇ ਰੋਸ ਜਤਾਇਆ ਗਿਆ।ਮੋਰਚੇ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਧਰਨੇ ਦੀ ਸਮਾਪਤੀ ਮਗਰੋਂ ਕਿਸਾਨਾਂ ਤੇ ਮਜ਼ਦੂਰਾਂ ’ਤੇ ਲਾਠੀਚਾਰਜ ਕਰਨਾ ਸਰਕਾਰ ਦੀ ਦਮਨਕਾਰੀ ਨੀਤੀ ਨੂੰ ਦਰਸਾਉਂਦਾ ਹੈ। ਆਗੂਆਂ ਨੇ ਕਿਹਾ ਕਿ ਇਹ ਕਾਰਵਾਈ ਸ਼ਾਂਤਮਈ ਤਰੀਕੇ ਨਾਲ ਆਪਣੇ ਲੋਕਤੰਤਰਿਕ ਅਧਿਕਾਰਾਂ ਦੀ ਮੰਗ ਕਰ ਰਹੇ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਹੈ।ਉਹਨਾਂ ਦੱਸਿਆ ਕਿ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ ਲਗਭਗ 15 ਕਿਸਾਨ ਆਗੂਆਂ ਅਤੇ ਵਰਕਰਾਂ ਨੂੰ ਜ਼ਬਰਦਸਤੀ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਬੀਕੇਯੂ ਏਕਤਾ ਆਜ਼ਾਦ ਦੇ 23 ਮੈਂਬਰਾਂ ਨੂੰ ਸੰਗਰੂਰ ਜੇਲ੍ਹ, ਜਦਕਿ ਸੀਨੀਅਰ ਆਗੂ ਦਿਲਬਾਗ਼ ਸਿੰਘ ਹਰਿਗੜ੍ਹ ਅਤੇ ਜਸਵਿੰਦਰ ਸਿੰਘ ਲੋਂਗੋਵਾਲ ਨੂੰ ਪਟਿਆਲਾ ਜੇਲ੍ਹ ਭੇਜਿਆ ਗਿਆ ਹੈ।

 ਆਗੂਆਂ ਨੇ ਇਸਨੂੰ ਸਰਕਾਰੀ ਤਾਕਤ ਦਾ ਦੁਰਪਯੋਗ ਕਰਾਰ ਦਿੱਤਾ।ਕਿਸਾਨ ਮਜ਼ਦੂਰ ਮੋਰਚਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਤੱਕ ਸਾਰੇ ਗ੍ਰਿਫ਼ਤਾਰ ਆਗੂ ਰਿਹਾਅ ਨਹੀਂ ਕੀਤੇ ਗਏ ਤਾਂ 20 ਜਨਵਰੀ ਤੋਂ ਅੰਮ੍ਰਿਤਸਰ ਅਤੇ ਸੰਗਰੂਰ ਦੇ ਐੱਸਐੱਸਪੀ ਦਫ਼ਤਰਾਂ ਅੱਗੇ ਧਰਨੇ ਸ਼ੁਰੂ ਕੀਤੇ ਜਾਣਗੇ। ਨਾਲ ਹੀ ਕਿਹਾ ਗਿਆ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਮੋਰਚੇ ਖੋਲ੍ਹੇ ਜਾਣਗੇ।ਮੋਰਚੇ ਵੱਲੋਂ ਅੰਮ੍ਰਿਤਸਰ (ਗੋਲਡਨ ਗੇਟ), ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਹੋਸ਼ਿਆਰਪੁਰ, ਫਗਵਾੜਾ, ਕਪੂਰਥਲਾ, ਸੁਲਤਾਨਪੁਰ ਲੋਧੀ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ, ਪਾਤੜਾਂ, ਰਾਜਪੁਰਾ, ਲੋਂਗੋਵਾਲ, ਬਠਿੰਡਾ, ਰਾਮਪੁਰਾ ਫੂਲ, ਮਾਨਸਾ, ਫਾਜ਼ਿਲਕਾ, ਮਲੇਰਕੋਟਲਾ ਅਤੇ ਮੋਹਾਲੀ ਸਮੇਤ ਸੈਂਕੜੇ ਪਿੰਡਾਂ ਅਤੇ ਬਲਾਕ ਪੱਧਰ ’ਤੇ ਪ੍ਰਦਰਸ਼ਨ ਕੀਤੇ ਗਏ।

 ਹਰਿਆਣਾ ਦੇ ਅੰਬਾਲਾ, ਯਮੁਨਾਨਗਰ, ਪੰਚਕੂਲਾ, ਕੈਥਲ, ਕੁਰੂਕਸ਼ੇਤਰ ਅਤੇ ਸ਼ਾਹਾਬਾਦ ਵਿੱਚ ਵੀ ਪੁਤਲੇ ਸਾੜੇ ਗਏ।ਆਗੂਆਂ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗ੍ਰਿਫ਼ਤਾਰ ਕਿਸਾਨ ਆਗੂਆਂ ਨੂੰ ਤੁਰੰਤ ਅਤੇ ਬਿਨਾ ਸ਼ਰਤ ਰਿਹਾਅ ਨਾ ਕੀਤਾ ਗਿਆ ਤਾਂ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਵੀ ਤਿੱਖੇ ਅਤੇ ਵਿਆਪਕ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੇ ਦਾਅਵਾ ਕੀਤਾ ਕਿ ਦਬਾਅ ਨਾਲ ਕਿਸਾਨ ਅੰਦੋਲਨ ਨਹੀਂ ਟੁੱਟੇਗਾ, ਸਗੋਂ ਹੋਰ ਮਜ਼ਬੂਤ ਹੋਵੇਗਾ ਅਤੇ ਇਨਸਾਫ਼ ਤੇ ਲੋਕਤੰਤਰਿਕ ਅਧਿਕਾਰਾਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ।