ਕਰਜ਼ੇ ਤੋਂ ਤੰਗ ਕਿਸਾਨ ਨੇ ਜ਼ਹਿਰ ਨਿਗਲਿਆ, ਮੌਤ ਨਾਲ ਪਿੰਡ ’ਚ ਸੋਗ

ਕਰਜ਼ੇ ਤੋਂ ਤੰਗ ਕਿਸਾਨ ਨੇ ਜ਼ਹਿਰ ਨਿਗਲਿਆ, ਮੌਤ ਨਾਲ ਪਿੰਡ ’ਚ ਸੋਗ

ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿੱਚ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਛੋਟੀ ਕਿਸਾਨੀ ਨਾਲ ਸਬੰਧਤ ਜਗਤਾਰ ਸਿੰਘ ਨੇ ਕਰਜ਼ੇ ਦੀ ਮਾਰ ਅਤੇ ਮਾਨਸਿਕ ਤਣਾਅ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਕਿਸਾਨ ਆਗੂ ਗੋਬਿੰਦ ਸਿੰਘ ਭੁਟਾਲ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਸਿਰ ’ਤੇ ਦੋ ਪਰਿਵਾਰਾਂ ਦੀ ਜ਼ਿੰਮੇਵਾਰੀ ਸੀ। ਉਸਦੇ ਪਿਤਾ ਰਾਮਫਲ ਸਿੰਘ ਦੀ ਦਿੱਲੀ ਦੇ ਕਿਸਾਨੀ ਅੰਦੋਲਨ ਦੌਰਾਨ ਮੌਤ ਹੋ ਗਈ ਸੀ ਅਤੇ ਕਈ ਸਾਲ ਪਹਿਲਾਂ ਉਸਦੇ ਭਰਾ ਦੀ ਵੀ ਮੌਤ ਹੋ ਚੁੱਕੀ ਸੀ। ਵਧਦੇ ਕਰਜ਼ੇ ਕਾਰਨ ਉਹ ਲਗਾਤਾਰ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿ ਰਿਹਾ ਸੀ। ਜਗਤਾਰ ਸਿੰਘ ਆਪਣੇ ਪਿੱਛੇ ਪਤਨੀ, ਦੋ ਮਾਸੂਮ ਬੱਚੇ, 9 ਸਾਲ ਦੀ ਧੀ ਅਤੇ 7 ਸਾਲ ਦਾ ਪੁੱਤਰ ਅਤੇ ਵਿਧਵਾ ਭਾਬੀ ਸਮੇਤ ਭਤੀਜੇ-ਭਤੀਜੀਆਂ ਨੂੰ ਬੇਸਹਾਰਾ ਛੱਡ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਇਸ ਦੁਖਾਂਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਤੁਰੰਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਇਸ ਬੇਸਹਾਰਾ ਪਰਿਵਾਰ ਦੀ ਮਦਦ ਹੋ ਸਕੇ।