ਸੋਨ ਤਗਮਾ ਜੇਤੂ ਖਿਡਾਰਨ ਨਵਦੀਪ ਕੌਰ ਦਾ ਪਿੰਡ ਲਲੌੜੀ ਕਲਾਂ ਵੱਲੋਂ ਸਨਮਾਨ
- ਪੰਜਾਬ
- (Asia/Kolkata)
ਖੰਨਾ (ਹਰਪ੍ਰੀਤ ਸਿੰਘ ਪ੍ਰਿੰਸ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਲੌੜੀ ਕਲਾਂ ਦੀ ਵਿਦਿਆਰਥਣ ਨਵਦੀਪ ਕੌਰ ਨੇ ਪੰਜਾਬ ਸਟੇਟ ਪੱਧਰ 'ਤੇ ਸਪੋਰਟਸ ਕਰਾਟੇ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਸੁਨਾਮ ਵਿਖੇ ਆਯੋਜਿਤ ਪੰਜਾਬ ਸਟੇਟ ਚੈਂਪੀਅਨਸ਼ਿਪ 2026 'ਚ 53 ਕਿਲੋ ਭਾਰ ਜੂਨੀਅਰ ਵਰਗ 'ਚ ਸੋਨੇ ਦਾ ਤਮਗਾ ਜਿੱਤ ਕੇ ਪਿੰਡ ਲਲੌੜੀ ਕਲਾਂ ਦਾ ਨਾਂ ਰੌਸ਼ਨ ਕੀਤਾ ਹੈ। ਇਹ ਵਿਦਿਆਰਥਣ ਹੁਣ ਨਵੀਂ ਦਿੱਲੀ 'ਚ ਆਯੋਜਿਤ ਹੋਣ ਵਾਲੀ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਭਾਗ ਲਵੇਗੀ। ਉਕਤ ਜੇਤੂ ਖਿਡਾਰਨ ਦੇ ਸਨਮਾਨ 'ਚ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਸਟਾਫ ਅਤੇ ਨਗਰ ਨਿਵਾਸੀਆਂ ਵੱਲੋਂ ਵਿਦਿਆਰਥਣ ਦਾ ਪਿੰਡ 'ਚ ਢੋਲ ਵਜਾ ਕੇ ਅਤੇ ਖੁੱਲੀ ਜੀਪ 'ਚ ਜੇਤੂ ਖਿਡਾਰਨ ਨੂੰ ਸਵਾਰ ਕਰਕੇ ਸਨਮਾਨ 'ਚ ਗੇੜਾ ਕਢਵਾਇਆ ਗਿਆ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥਣ ਨਵਦੀਪ ਕੌਰ ਦਾ ਸਨਮਾਨ ਕੀਤਾ ਗਿਆ। ਪੰਚਾਇਤ ਵੱਲੋਂ ਸਕੂਲ ਪ੍ਰਿੰਸੀਪਲ ਪ੍ਰਦੀਪ ਸਿੰਘ ਰੰਧਾਵਾ, ਕਰਾਟੇ ਕੋਚ ਰਾਜੇਸ਼ ਜੋਸ਼ੀ, ਕੋਚ ਮਨਪ੍ਰੀਤ ਸਿੰਘ, ਸ਼੍ਰੀਮਤੀ ਅੰਜੂ ਬਾਲਾ ਇੰਗਲਿਸ਼ ਮਿਸਟ੍ਰੈਸ, ਰਾਜੀਵ ਕੁਮਾਰ ਡੀਪੀਈ, ਵਿਦਿਆਰਥਣ ਦੇ ਪਿਤਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਗੁਰਮੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਸਮਾਰੋਹ 'ਚ ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਸੁਰਿੰਦਰ ਕੌਰ ਭੱਟੀ, ਪਿੰਡ ਦੇ ਪਤਵੰਤੇ ਸੱਜਣ ਅਤੇ ਨਗਰ ਨਿਵਾਸੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ। ਪ੍ਰਿੰਸੀਪਲ ਨੇ ਕਿਹਾ ਕਿ ਪੰਚਾਇਤ ਲਲੌੜੀ ਕਲਾਂ ਵੱਲੋਂ ਵਿਦਿਆਰਥਣ ਦਾ ਸਨਮਾਨ ਕਰਕੇ ਚੰਗੀ ਮਿਸਾਲ ਪੈਦਾ ਕੀਤੀ ਗਈ ਹੈ, ਜੋ ਹੋਰ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੇਗੀ ਅਤੇ ਨਸ਼ਿਆਂ ਤੋਂ ਦੂਰ ਰਹਿਣ 'ਚ ਸਹਾਇਕ ਹੋਵੇਗੀ। ਉਹਨਾਂ ਕਿਹਾ ਕਿ ਲਲੌੜੀ ਕਲਾਂ ਦੇ ਸਰਕਾਰੀ ਸਕੂਲ 'ਚ ਇਲਾਕੇ ਦਾ ਵਿਸ਼ਵਾਸ ਵਧਿਆ ਹੈ ਕਿਉਂਕਿ ਵਿਦਿਆਰਥੀ ਖੇਡਾਂ, ਸੱਭਿਆਚਾਰ ਅਤੇ ਪੜ੍ਹਾਈ ਦੇ ਖੇਤਰ 'ਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ।
Leave a Reply