ਸਾਬਕਾ ਫੌਜੀ ਤੇ ਪੁੱਤਰ ਦੀ ਕੁੱਟਮਾਰ ਮਾਮਲਾ ਗੰਭੀਰ: ਜਥੇਦਾਰ ਨੇ ਕਾਰਵਾਈ ਦੀ ਮੰਗ ਕੀਤੀ
- ਪੰਜਾਬ
- (Asia/Kolkata)
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਛੀਵਾੜਾ ਸਾਹਿਬ ਵਿੱਚ ਇੱਕ ਸਿੱਖ ਸਾਬਕਾ ਫੌਜੀ ਅਤੇ ਉਸਦੇ ਨਾਬਾਲਗ ਪੁੱਤਰ ਨਾਲ ਹੋਈ ਕੁੱਟਮਾਰ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਇਹ ਘਟਨਾ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਕੀਤੀ ਗਈ ਦੱਸੀਆਂ ਜਾ ਰਹੀ ਹੈ, ਜਿਸ ਵਿੱਚ ਪੀੜਤ ਸਾਬਕਾ ਫੌਜੀ ਨੂੰ ਸਿਰ ‘ਤੇ ਗੰਭੀਰ ਚੋਟਾਂ ਲੱਗੀਆਂ ਹਨ ਅਤੇ ਉਸਨੂੰ ਸੁਣਨ ਤੇ ਵੇਖਣ ਵਿੱਚ ਦਿੱਕਤ ਆ ਰਹੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖੰਨਾ ਪੁਲਿਸ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਦੋਸ਼ੀ ਨਗਰ ਕੌਂਸਲ ਕਰਮਚਾਰੀਆਂ ਦੀ ਪਛਾਣ ਕਰਕੇ ਤੁਰੰਤ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ 24 ਘੰਟਿਆਂ ਦੇ ਅੰਦਰ ਕਾਰਵਾਈ ਨਾ ਹੋਈ ਤਾਂ ਉਹ ਖੁਦ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਅਗਲੇ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਜੇਕਰ ਇੱਕ ਸੇਵਾਮੁਕਤ ਫੌਜੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਸਕਦਾ ਹੈ, ਤਾਂ ਆਮ ਲੋਕਾਂ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਥੇਦਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਖੰਨਾ ਦੇ ਐੱਸ.ਐੱਸ.ਪੀ ਅਤੇ ਮਾਛੀਵਾੜਾ ਸਾਹਿਬ ਦੇ ਨਗਰ ਕੌਂਸਲ ਪ੍ਰਧਾਨ ਨਾਲ ਗੱਲਬਾਤ ਕਰਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਪੀੜਤ ਸਿੱਖ ਨੌਜਵਾਨ ਭਾਰਤੀ ਫੌਜ ਵਿੱਚੋਂ ਸੇਵਾਮੁਕਤ ਹੈ ਅਤੇ ਇਸ ਸਮੇਂ ਕਿਸਾਨੀ ਕਰਦਾ ਹੈ। ਉਹ ਆਪਣੇ ਖੇਤਾਂ ਵਿੱਚ ਉਗਾਈਆਂ ਸਬਜ਼ੀਆਂ ਟ੍ਰੈਕਟਰ ਰਾਹੀਂ ਬਾਜ਼ਾਰ ਵਿੱਚ ਵੇਚਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਗਰ ਕੌਂਸਲ ਕਰਮਚਾਰੀਆਂ ਨੇ ਉਸ ਨੂੰ ਸਿਰਫ਼ ਇਸ ਗੱਲ ‘ਤੇ ਕੁੱਟਿਆ ਕਿ ਉਸਨੇ ਆਪਣੀ ਟਰਾਲੀ ਹਟਾਉਣ ਲਈ ਆਏ ਕਰਮਚਾਰੀਆਂ ਨੂੰ ਸਵਾਲ ਪੁੱਛਿਆ ਸੀ ਕਿ ਜਦ ਹੋਰ ਰੇਹੜੀਆਂ ਲੱਗੀਆਂ ਹਨ ਤਾਂ ਉਸਦੇ ਟ੍ਰੈਕਟਰ ਨਾਲ ਕੀ ਸਮੱਸਿਆ ਹੈ। ਰਿਪੋਰਟਾਂ ਮੁਤਾਬਕ ਕਰਮਚਾਰੀਆਂ ਨੇ ਪਹਿਲਾਂ ਉਸਦਾ ਸਮਾਨ ਜ਼ਬਤ ਕੀਤਾ ਅਤੇ ਬਾਅਦ ਵਿੱਚ ਵਾਪਸ ਆ ਕੇ ਉਸ ਅਤੇ ਉਸਦੇ 16 ਸਾਲਾ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਿਆ। ਇਸ ਘਟਨਾ ਨੇ ਸਥਾਨਕ ਪੱਧਰ ‘ਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਕਿਰਤੀ ਸਿੱਖ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਥਾਵਾਂ ‘ਤੇ ਪੈਸੇ ਲੈ ਕੇ ਬਾਹਰੀ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਦਕਿ ਪੰਜਾਬ ਦੇ ਆਪਣੇ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਮਾਮਲਿਆਂ ‘ਤੇ ਤੁਰੰਤ ਨੱਥ ਪਾਈ ਜਾਵੇ।
Leave a Reply