ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ' ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ - ਉਪ ਜ਼ਿਲ੍ਹਾ ਸਿੱਖਿਆ ਅਫ਼ਸਰ
- ਪੰਜਾਬ
- (Asia/Kolkata)
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਭਰ ਵਿੱਚ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਮਨਾਏ ਜਾ ਰਹੇ “ਸਿੱਖਿਆ ਦਾ ਮਹਾਂ ਜਸ਼ਨ” ਮੈਗਾ ਪੀ ਟੀ ਐਮ ਮਾਪਿਆਂ ਦੀ ਵਰਕਸ਼ਾਪ ਤਹਿਤ ਅੱਜ ਜਿਲ੍ਹਾ ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ' ਚ ਸਕੂਲ ਆਫ਼ ਐਮੀਨੈਂਸ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਸ਼ਮੂਲੀਅਤ ਕਰਕੇ ਆਪਣੇ ਬੱਚਿਆਂ ਦੀ ਵਿੱਦਿਅਕ ਕਾਰਗੁਜ਼ਾਰੀ, ਸਕੂਲ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਫ਼ੀਲ ਖਾਨਾ ਸਕੂਲ ਵਿੱਚ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੋਰਡ ਪ੍ਰੀਖਿਆਵਾਂ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬੋਰਡ ਜਮਾਤਾਂ ਵਿੱਚ ਕਿਸੇ ਵੀ ਵਿਸ਼ੇ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਆਰ.ਸੀ.ਏ. ਪ੍ਰੋਗਰਾਮ ਅਧੀਨ ਮਹੱਤਵਪੂਰਨ ਪ੍ਰਗਤੀ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਦੇ ਨਾਲ ਹੀ ਜੇ ਈ , ਕਲੈਟ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਰਾਹਿਆ ਗਿਆ। ਸਕੂਲਾਂ ਦੇ ਸਮੂਹ ਅਧਿਆਪਕਾਂ ਅਤੇ ਸਟਾਫ਼ ਦੀ ਵੀ ਵਿਸ਼ੇਸ਼ ਹੌਸਲਾ ਅਫ਼ਜ਼ਾਈ ਕੀਤੀ ਗਈ, ਜਿਨ੍ਹਾਂ ਦੀ ਅਣਥੱਕ ਮਿਹਨਤ ਅਤੇ ਸਮਰਪਣ ਸਦਕਾ ਸਕੂਲ ਨੇ ਅਕਾਦਮਿਕ, ਸਹਿ-ਅਕਾਦਮਿਕ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮਹੱਤਵਪੂਰਨ ਉਪਲੱਬਧੀਆਂ ਹਾਸਲ ਕੀਤੀਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ ਸ਼ਰਮਾ ਨੇ ਕਿਹਾ ਕਿ “ਸਿੱਖਿਆ ਦਾ ਮਹਾਂ-ਜਸ਼ਨ” ਪੰਜਾਬ ਸਰਕਾਰ ਦੀ ਇੱਕ ਦੂਰਅੰਦੇਸ਼ੀ ਪਹਿਲ ਹੈ, ਜਿਸ ਦਾ ਮਕਸਦ ਮਾਪਿਆਂ ਨੂੰ ਸਕੂਲਾਂ ਨਾਲ ਹੋਰ ਨੇੜਿਓਂ ਜੋੜਨਾ ਅਤੇ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲ ਹਰ ਖੇਤਰ ਵਿੱਚ ਨਵੀਆਂ ਮਿਸਾਲਾਂ ਕਾਇਮ ਕਰ ਰਹੇ ਹਨ ਅਤੇ ਵਿਦਿਆਰਥੀ ਬੋਰਡ ਪ੍ਰੀਖਿਆਵਾਂ ਤੋਂ ਲੈ ਕੇ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵੀ ਸ਼ਾਨਦਾਰ ਸਫਲਤਾਵਾਂ ਹਾਸਲ ਕਰ ਰਹੇ ਹਨ। ਡਾ. ਸ਼ਰਮਾ ਨੇ ਸਨਮਾਨਿਤ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਉਪਲਬਧੀਆਂ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੇ ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਵਿੱਚ ਸਕੂਲ, ਪਰਿਵਾਰ ਅਤੇ ਸਮਾਜ ਦੀ ਸਾਂਝੀ ਭੂਮਿਕਾ ਹੁੰਦੀ ਹੈ। ਫੀਲ਼ ਖਾਨਾ ਸਕੂਲ ਦੇ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਸਿੱਖਿਆ ਦਾ ਮਹਾਂ ਜਸ਼ਨ” ਸਕੂਲ, ਮਾਪਿਆਂ ਅਤੇ ਵਿਦਿਆਰਥੀਆਂ ਵਿਚਕਾਰ ਸਾਂਝ ਨੂੰ ਮਜ਼ਬੂਤ ਕਰਨ ਦਾ ਇੱਕ ਵਿਲੱਖਣ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਬੋਰਡ ਪ੍ਰੀਖਿਆਵਾਂ, ਜੇ ਈ, ਕਲੈਟ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਇਸ ਗੱਲ ਦਾ ਸਬੂਤ ਹਨ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇੱਕ ਸਰਵੇਖਣ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਵਿੱਚ ਪਹਿਲੇ ਸਥਾਨ 'ਤੇ ਪਹੁੰਚੇ ਹਨ, ਜੋ ਕਿ ਸਮੂਹ ਅਧਿਆਪਕ ਵਰਗ, ਵਿਦਿਆਰਥੀਆਂ, ਮਾਪਿਆਂ ਅਤੇ ਸਿੱਖਿਆ ਵਿਭਾਗ ਲਈ ਮਾਣ ਵਾਲੀ ਪ੍ਰਾਪਤੀ ਹੈ। ਇਹ ਸਫਲਤਾ ਅਧਿਆਪਕਾਂ ਦੀ ਲਗਨ, ਵਿਦਿਆਰਥੀਆਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਮਾਗਮ ਦੌਰਾਨ ਮਾਪਿਆਂ ਨੇ ਸਕੂਲ ਦੇ ਸਿੱਖਿਆਕ ਮਾਹੌਲ, ਵਿਦਿਆਰਥੀ-ਕੇਂਦਰਿਤ ਗਤੀਵਿਧੀਆਂ ਅਤੇ ਸਕੂਲ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦਾ ਸਮਾਪਨ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਅਤੇ ਉਨ੍ਹਾਂ ਦੀ ਨਿਰੰਤਰ ਤਰੱਕੀ ਦੀ ਕਾਮਨਾ ਨਾਲ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਮੈੰਬਰ ਹਾਜ਼ਰ ਸਨ।
Leave a Reply