Daily Suraj

ਪੰਜਾਬੀ

ਬਰਨਾਲਾ 'ਚ ਸਾਬਕਾ ਕੌਂਸਲਰ ਨੇ ਫਾਹਾ ਲੈ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਕਲੋਨਾਈਜ਼ਰਾਂ 'ਤੇ ਲਾਏ ਦੋਸ਼

15 Jun, 2026 08:21 AM

ਬਰਨਾਲਾ ਸ਼ਹਿਰ ਦੇ ਸਾਬਕਾ ਕੌਂਸਲਰ ਨਛੱਤਰ ਸਿੰਘ ਉਰਫ਼ ਜੱਗਾ ਸਿੰਘ ਨੇ ਸੋਮਵਾਰ ਤੜਕੇ ਕਰੀਬ 2 ਵਜੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵੱਲੋਂ ਲਿਖਿਆ ਗਿਆ ਇੱਕ ਸੁਸਾਈਡ ਨੋਟ ਵੀ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਇਸ ਨੋਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੇਖਾ ਰੋਡ 'ਤੇ ਵਿਕਸਤ ਕੀਤੀ ਗਈ ਇੱਕ ਕਲੋਨੀ ਦੇ ਮਾਲਕਾਂ ਵੱਲੋਂ ਬਣਦਾ ਕਮਿਸ਼ਨ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਮ੍ਰਿਤਕ ਦੇ ਭਰਾ ਅਤੇ ਨਗਰ ਨਿਗਮ ਦੇ ਸਫ਼ਾਈ ਠੇਕੇਦਾਰ ਮੀਤਾ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਸੁਸਾਈਡ ਨੋਟ ਵਿੱਚ ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵਿੱਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਪੁਲੀਸ ਜਾਂਚ ਦੌਰਾਨ ਸੁਸਾਈਡ ਨੋਟ ਵਿੱਚ ਦਰਜ ਕੀਤੇ ਗਏ ਕਲੋਨਾਈਜ਼ਰਾਂ ਖ਼ਿਲਾਫ਼ ਕਾਰਵਾਈ ਕਰੇਗੀ ਜਾਂ ਮਾਮਲਾ ਸਿਰਫ਼ ਰਸਮੀ ਜਾਂਚ ਤੱਕ ਹੀ ਸੀਮਤ ਰਹੇਗਾ। ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਜਾਰੀ ਹੈ।

Posted By: Daily Suraj Bureau

Latest News