IPL 2027: ਮੁੰਬਈ ਇੰਡੀਅਨਜ਼ ਦਾ ਵੱਡਾ ਧਮਾਕਾ, ਰੌਬਿਨ ਉਥੱਪਾ ਬਣੇ ਟੀਮ ਦੇ ਨਵੇਂ ਬੱਲੇਬਾਜ਼ੀ ਕੋਚ
ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਪ੍ਰਮੁੱਖ ਫ੍ਰੈਂਚਾਇਜ਼ੀ ਮੁੰਬਈ ਇੰਡੀਅਨਜ਼ ਨੇ 2027 ਦੇ ਆਗਾਮੀ ਸੀਜ਼ਨ ਲਈ ਇੱਕ ਵੱਡਾ ਐਲਾਨ ਕਰਦਿਆਂ ਸਾਬਕਾ ਭਾਰਤੀ ਬੱਲੇਬਾਜ਼ ਰੌਬਿਨ ਉਥੱਪਾ ਨੂੰ ਆਪਣਾ ਨਵਾਂ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। 40 ਸਾਲਾ ਉਥੱਪਾ, ਜੋ ਕਿ 2007 ਵਿੱਚ ਪਹਿਲਾ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਅਹਿਮ ਮੈਂਬਰ ਸਨ, ਆਈ.ਪੀ.ਐੱਲ. ਦੇ ਉਦਘਾਟਨੀ (2008) ਸੀਜ਼ਨ ਦੌਰਾਨ ਮੁੰਬਈ ਇੰਡੀਅਨਜ਼ ਦੀ ਟੀਮ ਵੱਲੋਂ ਬਤੌਰ ਖਿਡਾਰੀ ਵੀ ਖੇਡ ਚੁੱਕੇ ਹਨ। ਮੁੰਬਈ ਇੰਡੀਅਨਜ਼ ਨੇ ਕੀਤਾ ਨਿੱਘਾ ਸਵਾਗਤ ਉਥੱਪਾ ਦੀ ਨਿਯੁਕਤੀ ਦੀ ਜਾਣਕਾਰੀ ਦਿੰਦਿਆਂ ਮੁੰਬਈ ਇੰਡੀਅਨਜ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' (X) 'ਤੇ ਲਿਖਿਆ, "ਸਾਡੇ ਪਹਿਲੇ ਸੀਜ਼ਨ ਦਾ ਹਿੱਸਾ ਬਣਨ ਤੋਂ ਲੈ ਕੇ ਹੁਣ ਅਥਾਹ ਤਜਰਬੇ ਨਾਲ ਵਾਪਸੀ ਕਰਨ ਤੱਕ, ਰੌਬਿਨ ਖੇਡ ਦੀ ਡੂੰਘੀ ਸਮਝ, ਬਹਿਤਰੀਨ ਸੰਚਾਰ ਸਮਰੱਥਾ ਅਤੇ ਨੌਜਵਾਨ ਖਿਡਾਰੀਆਂ ਦਾ ਮਾਰਗਦਰਸ਼ਨ ਕਰਨ ਦੀ ਸਪੱਸ਼ਟਤਾ ਨਾਲ ਟੀਮ ਨਾਲ ਜੁੜ ਰਹੇ ਹਨ। ਮੁੰਬਈ ਇੰਡੀਅਨਜ਼ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਰੌਬਿਨ।" ਸਪੋਰਟ ਸਟਾਫ਼ ਵਿੱਚ ਵੱਡੇ ਬਦਲਾਅ ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਆਗਾਮੀ ਸੀਜ਼ਨ ਲਈ ਆਪਣੇ ਕੋਚਿੰਗ ਅਤੇ ਸਪੋਰਟ ਸਟਾਫ਼ ਵਿੱਚ ਲਗਾਤਾਰ ਵੱਡੇ ਬਦਲਾਅ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਫ੍ਰੈਂਚਾਇਜ਼ੀ ਨੇ ਆਪਣੇ ਗੇਂਦਬਾਜ਼ੀ ਕੋਚ ਲਸਿਥ ਮਲਿੰਗਾ, ਪਾਰਸ ਮਹਾਮਬਰੇ ਅਤੇ ਫੀਲਡਿੰਗ ਕੋਚ ਕਾਰਲ ਹਾਪਕਿਨਸਨ ਨਾਲ ਆਪਣਾ ਇਕਰਾਰਨਾਮਾ ਖ਼ਤਮ ਕਰ ਲਿਆ ਸੀ। ਇਸ ਤੋਂ ਇਲਾਵਾ, ਫ੍ਰੈਂਚਾਇਜ਼ੀ ਨੇ ਪਿਛਲੇ ਹਫ਼ਤੇ ਹੀ ਆਪਣੇ ਪੂਰਵ ਬੱਲੇਬਾਜ਼ੀ ਕੋਚ ਕੀਰੋਨ ਪੋਲਾਰਡ ਨੂੰ ਪਦ-ਉੱਨਤ (ਪ੍ਰਮੋਟ) ਕਰਦਿਆਂ ਟੀਮ ਦਾ ਮੁੱਖ ਕੋਚ ਬਣਾਇਆ ਸੀ। ਪੋਲਾਰਡ ਨੇ ਮਾਹੇਲਾ ਜੈਵਰਧਨੇ ਦੀ ਜਗ੍ਹਾ ਲਈ ਹੈ। ਹੁਣ ਪੋਲਾਰਡ ਦੇ ਮੁੱਖ ਕੋਚ ਬਣਨ ਤੋਂ ਬਾਅਦ ਖ਼ਾਲੀ ਹੋਈ ਬੱਲੇਬਾਜ਼ੀ ਕੋਚ ਦੀ ਥਾਂ 'ਤੇ ਰੌਬਿਨ ਉਥੱਪਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਟੀਮ ਦੇ ਨੌਜਵਾਨ ਬੱਲੇਬਾਜ਼ਾਂ ਦਾ ਮਾਰਗਦਰਸ਼ਨ ਕਰਨਗੇ।