ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ - ਕਾਮਰੇਡ ਸੁਖਵਿੰਦਰ ਸਿੰਘ ਸੇਖੋਂ

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ  - ਕਾਮਰੇਡ ਸੁਖਵਿੰਦਰ ਸਿੰਘ ਸੇਖੋਂ

6 ਜੂਨ (ਜਗਸੀਰ ਸਿੰਘ) - ਅੱਜ ਸੀਪੀਆਈ ਦਫਤਰ ਸੰਗਰੂਰ ਵਿਖੇ ਪਾਰਟੀ ਦੀ ਜਨਰਲ ਬਾਡੀ ਦੀ ਮੀਟਿੰਗ ਕਾਮਰੇਡ ਜੋਗਿੰਦਰ ਬੱਧਣ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੀਪੀਆਈ ਐਮ ਦੇ ਜਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਜਿਲ੍ਹੇ ਵਿੱਚ ਤਹਿਸੀਲ ਬਾਈਜ ਮੀਟਿੰਗਾਂ ਦੀਆਂ ਤਰੀਕਾਂ ਨੋਟ ਕਰਵਾਈਆਂ ਅਤੇ ਕਿਹਾ ਕਿ ਜੋ ਐਸ ਆਈ ਆਰ ਵੋਟਾਂ ਦੀ ਸੁਧਾਈ ਮੁਹਿੰਮ ਲਈ ਆਪਣੇ ਜਿਲ੍ਹੇ ਅੰਦਰ ਬੂਥਾਂ ਲਈ ਬੀ ਐਲ ਏ ਪਹਿਲ ਦੇ ਆਧਾਰ ਤੇ ਨਿਯੁਕਤ ਕਰਨੇਂ ਹਨ ਤਾਂ ਕਿ ਕਿਸੇ ਜਾਇਜ ਵੋਟਰਾਂ ਦੀਆਂ ਵੋਟਾਂ ਨਾ ਕੱਟੀਆ ਜਾਣ ਅਤੇ ਨਜਾਇਜ਼ ਵੋਟਾਂ ਨਾ ਬਣ ਸਕਣ। ਕਾਮਰੇਡ ਭੂਪ ਚੰਦ ਚੰਨੋ ਅਤੇ ਕਾਮਰੇਡ ਅਬਦੁਲ ਸਤਾਰ ਸੂਬਾ ਸਕੱਤਰੇਤ ਮੈਂਬਰਾਂ ਨੇ ਕਿਹਾ ਕਿ 6 ਤੋਂ 10 ਜੁਲਾਈ ਤੱਕ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਡਿਵੀਜ਼ਨ ਪੱਧਰ ਤੇ ਵੱਡੇ ਵਿਰੋਧ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਅਤੇ ਰਾਜਪਾਲ ਦੇ ਨਾਂ ਤੇ ਮੰਗ ਪੱਤਰ ਦਿੱਤਾ ਜਾਵੇਗਾ। ਬਾਰਡਰ ਏਰੀਏ ਦੇ ਕਿਸਾਨਾਂ ਦੀਆਂ ਮੰਗਾਂ ਵੀ ਮੰਗ ਪੱਤਰ ਵਿੱਚ ਸ਼ਾਮਿਲ ਕੀਤੀਆਂ ਜਾਣਗੀਆਂ। ਇਸ ਮੌਕੇ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਸੂਬਾ ਸਕੱਤਰ ਸੀਪੀਆਈ ਐਮ ਨੇ ਕਿਹਾ ਕਿ ਪੰਜਾਬ ਦੀਆਂ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਰਕੂ, ਵੱਖਵਾਦੀ ਤੇ ਕੱਟੜਵਾਦੀ ਤਾਕਤਾਂ ਨੂੰ ਭਾਂਜ ਦੇਣ ਲਈ ਸੀਪੀਆਈ (ਐਮ) ਦੇ ਆਗੂ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ। ਇਹ ਪ੍ਰਗਟਾਵਾ ਸੀਪੀਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੰਗਰੂਰ ਵਿਖੇ ਪਾਰਟੀ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਕਾਮਰੇਡ ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਉਹ ਵਾਕਿਆ ਫਿਕਰਮੰਦੀ ਵਾਲਾ ਹੈ। ਦੇਸ਼ ਵਿਰੋਧੀ ਤਾਕਤਾਂ ਕੱਟੜਵਾਦ, ਫਿਰਕੂ ਸੋਚ ਰਾਹੀਂ ਵੋਟਾਂ ਹਥਿਆਉਣ ਲਈ ਤਤਪਰ ਹੋ ਰਹੀਆਂ ਪਰ ਅਸੀਂ ਇਨ੍ਹਾਂ ਨੂੰ ਹਰਗਿਜ਼ ਅਜਿਹਾ ਨਹੀਂ ਕਰਨ ਦੇਵਾਂਗੇ। ਉਨ੍ਹਾਂ ਕਿਹਾ ਕਿ ਬੀਜੇਪੀ ਤੇ ਆਰਐਸਐਸ ਪੰਜਾਬ ਵਿੱਚ ਵੱਖਵਾਦੀ ਗੱਲਾਂ ਨੂੰ ਤੂਲ ਦੇਣ ਲੱਗੀਆਂ ਹਨ। ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਬੁਰੀ ਤਰ੍ਹਾਂ ਲੜਖੜਾ ਗਈ ਹੈ,ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਜਿੱਤਣ ਤੋਂ ਪਹਿਲਾਂ ਜਿਹੜੇ ਵਾਅਦੇ ਜਾਂ ਗਰੰਟੀਆਂ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਸਨ, ਉਨ੍ਹਾਂ ਨੂੰ ਵਿਸਾਰ ਦਿੱਤਾ ਹੈ ਜਿਸ ਕਾਰਨ ਸੂਬੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਆਪ ਸਰਕਾਰ ਦੀਆਂ ਵਾਅਦਿਆਂ ਦੀ ਪੋਲ ਵੀ ਲੋਕਾਂ ਸਾਹਮਣੇ ਖੋਲ੍ਹਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ। ਇੱਥੋਂ ਤੱਕ ਕਿ ਲੋਕਾਂ ਨੂੰ ਸੁਰੱਖਿਆ ਦੇਣ ਵਾਲੇ ਥਾਣੇ ਵੀ ਸੁਰੱਖਿਅਤ ਨਹੀਂ ਰਹੇ। ਪੰਜਾਬ ਵਿੱਚ ਨਸ਼ਾ, ਅਸਲਾ ਤੇ ਬਾਰੂਦ ਦੀ ਸਪਲਾਈ ਵੱਡੇ ਪੱਧਰ ਤੇ ਹੋ ਰਹੀ ਹੈ। ਪਿਛਲੇ ਦਿਨੀਂ ਪੰਜਾਬ ਵਿੱਚੋਂ ਵੱਡੇ ਪੱਧਰ ਤੇ ਆਰਡੀਐਕਸ ਦਾ ਫੜੇ ਜਾਣਾ ਵਾਕਿਆ ਹੀ ਫਿਕਰਮੰਦੀ ਵਾਲੀ ਗੱਲ ਹੈ। ਪੰਜਾਬ ਦੇ ਲੋਕਾਂ ਨੇ ਅੱਤਵਾਦ ਦਾ ਸੰਤਾਪ ਲੰਮਾ ਸਮਾਂ ਆਪਣੇ ਪਿੰਡੇ ਤੇ ਹੰਢਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਇਸ ਸਬੰਧੀ ਕੁਝ ਨਹੀਂ ਕਰ ਸਕੀ, ਚਾਰ ਸਾਲ ਇਸ ਮਾਮਲੇ ਤੇ ਹੱਥ ਤੇ ਹੱਥ ਧਰੀ ਬੈਠੀ ਰਹੀ। ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਬੇਰੋਕ ਹੋ ਰਹੀ ਹੈ ਅਤੇ ਨਸ਼ਿਆਂ ਕਾਰਨ ਮਾਵਾਂ ਦੇ ਨੌਜਵਾਨ ਪੁੱਤ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਮਜ਼ਦੂਰਾ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੀ ਹਮਾਇਤ ਵੀ ਕਰਦੇ ਹਾਂ। ਦੇਸ਼ ਵਿੱਚ ਮਨਰੇਗਾ ਦੀ ਬਹਾਲੀ ਲਈ ਵੀ ਸੰਘਰਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਅੱਜ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਿਹਾ ਹੈ। ਮੋਦੀ ਨੇ ਜਦੋਂ ਤੋਂ ਅਮਰੀਕਾ ਨਾਲ ਮੁਕਤ ਵਪਾਰ ਦੀ ਸੰਧੀ ਕੀਤੀ ਹੈ, ਦੇਸ਼ ਵਿੱਚ ਮਹਿੰਗਾਈ ਤੇਜ਼ੀ ਨਾਲ ਵਧੀ ਹੈ। ਤੇਲ ਕੀਮਤਾਂ ਅੰਬਰ ਛੂਹ ਰਹੀਆਂ ਹਨ। ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਇਸ ਮੌਕੇ ਕਾਮਰੇਡ ਹਰਬੰਸ ਸਿੰਘ ਨਮੋਲ, ਸਤਿੰਦਰ ਪਾਲ ਸਿੰਘ ਚੀਮਾ, ਜੋਗਾ ਸਿੰਘ ਉਪੱਲੀ, ਇੰਦਰਜੀਤ ਸਿੰਘ ਛੰਨਾ, ਹੰਗੀ ਖਾਨ, ਸੁਰਿੰਦਰ ਮੂਨਕ,ਜੀਤ ਸਿੰਘ ਘਰਾਚੋ, ਪਰਮਜੀਤ ਕੌਰ ਪੰਮੀ, ਪਾਲ ਸਿੰਘ ਨਮੋਲ, ਰਮੇਸ਼ ਕੁਮਾਰ ਧੂਰੀ,ਸ਼ੇਰਾ ਸਿੰਘ,ਰਣਜੀਤ ਸਿੰਘ,ਭੂਰਾ ਦੁੱਗਾ, ਨਿੱਕਾ ਸਿੰਘ, ਸ਼ਿੰਗਾਰਾ ਸਿੰਘ ਬਲਿਆਲ, ਹਰਪਾਲ ਕੌਰ ਆਦਿ ਹਾਜਰ ਸਨ।