ਈਰਾਨ-ਅਮਰੀਕਾ ਤਣਾਅ ਕਾਰਨ ਤੇਲ ਮਾਰਕੀਟ ਵਿੱਚ ਹਲਚਲ

ਈਰਾਨ-ਅਮਰੀਕਾ ਤਣਾਅ ਕਾਰਨ ਤੇਲ ਮਾਰਕੀਟ ਵਿੱਚ ਹਲਚਲ

ਈਰਾਨ ਨਾਲ ਅਮਰੀਕਾ ਅਤੇ ਇਜ਼ਰਾਈਲ ਦਰਮਿਆਨ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਦਰਜ ਕੀਤਾ ਗਿਆ ਹੈ। ਮੌਜੂਦਾ ਸਥਿਤੀ ਵਿੱਚ ਜੰਗ ਦੇ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ, ਜਿਸ ਕਾਰਨ ਗਲੋਬਲ ਮਾਰਕੀਟ ਵਿੱਚ ਅਣਿਸ਼ਚਿਤਤਾ ਬਣੀ ਹੋਈ ਹੈ ਅਤੇ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਅਮਰੀਕਾ ਅਤੇ ਈਰਾਨ ਵਿਚਾਲੇ ਵਧ ਰਹੀ ਬਿਆਨਬਾਜ਼ੀ ਨੇ ਤੇਲ ਮਾਰਕੀਟ ਨੂੰ ਹੋਰ ਪ੍ਰਭਾਵਿਤ ਕੀਤਾ ਹੈ। ਇਸ ਦੇ ਨਤੀਜੇ ਵਜੋਂ ਕੱਚੇ ਤੇਲ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਦੇ ਪਾਰ ਚਲੀ ਗਈ ਹੈ। ਇੱਕ ਬੈਰਲ ਬ੍ਰੈਂਟ ਕਰੂਡ ਦੀ ਕੀਮਤ 1.71 ਡਾਲਰ ਦੇ ਵਾਧੇ ਨਾਲ 110.74 ਡਾਲਰ ‘ਤੇ ਦਰਜ ਕੀਤੀ ਗਈ ਹੈ। ਇਸ ਸਥਿਤੀ ਵਿੱਚ ਤਣਾਅ ਉਸ ਵੇਲੇ ਹੋਰ ਵਧ ਗਿਆ ਜਦੋਂ ਅਮਰੀਕੀ ਰਾਸ਼ਟਰਪਤੀ Donald Trump ਨੇ ਈਰਾਨ ਨੂੰ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ‘ਹੋਰਮੁਜ਼ ਸਟ੍ਰੇਟ’ ਨੂੰ ਨਹੀਂ ਖੋਲ੍ਹਿਆ ਗਿਆ ਤਾਂ ਅਮਰੀਕਾ ਵੱਡਾ ਸੈਨਿਕ ਕਦਮ ਚੁੱਕ ਸਕਦਾ ਹੈ। ਇਸ ਦੇ ਜਵਾਬ ਵਿੱਚ ਈਰਾਨ ਵੱਲੋਂ ਗਲੋਬਲ ਸਪਲਾਈ ਨੂੰ ਪ੍ਰਭਾਵਿਤ ਕਰਨ ਦੀ ਗੱਲ ਕਹੀ ਗਈ ਹੈ, ਜਿਸ ਨਾਲ ਬਾਜ਼ਾਰ ਵਿੱਚ ਚਿੰਤਾ ਵਧ ਗਈ ਹੈ। ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਈਰਾਨ ਨੇ ਇਹ ਸਮੁੰਦਰੀ ਰਸਤਾ ਨਹੀਂ ਖੋਲ੍ਹਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਨੇ ਈਰਾਨ ਦੇ ਪਾਵਰ ਪਲਾਂਟਾਂ ਅਤੇ ਪੁਲਾਂ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਵੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਕੀਤੇ ਗਏ ਆਪਣੇ ਸੰਦੇਸ਼ ਵਿੱਚ ਉਨ੍ਹਾਂ ਲਿਖਿਆ ਕਿ ਈਰਾਨ ਵਿੱਚ ਮੰਗਲਵਾਰ ਨੂੰ ‘ਪਾਵਰ ਪਲਾਂਟ ਡੇਅ’ ਅਤੇ ‘ਬ੍ਰਿਜ ਡੇਅ’ ਇਕੱਠੇ ਹੋਣਗੇ, ਜਿਸ ਨਾਲ ਸੰਭਾਵਿਤ ਹਮਲੇ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਨੇ ਦੁਹਰਾਇਆ ਕਿ ਜੇਕਰ ਹੋਰਮੁਜ਼ ਸਟ੍ਰੇਟ ਨਹੀਂ ਖੋਲ੍ਹਿਆ ਗਿਆ ਤਾਂ ਈਰਾਨ ਨੂੰ ਕਠਿਨ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ। ਮਾਰਕੀਟ ਮਾਹਰਾਂ ਦੇ ਅਨੁਸਾਰ ਜੇਕਰ ਇਹ ਤਣਾਅ ਜਾਰੀ ਰਿਹਾ, ਤਾਂ ਕੱਚੇ ਤੇਲ ਦੀਆਂ ਕੀਮਤਾਂ 150 ਡਾਲਰ ਪ੍ਰਤੀ ਬੈਰਲ ਤੱਕ ਵੀ ਪਹੁੰਚ ਸਕਦੀਆਂ ਹਨ, ਜਿਸ ਨਾਲ ਵਿਸ਼ਵ ਅਰਥਵਿਵਸਥਾ ‘ਤੇ ਵੱਡਾ ਅਸਰ ਪੈ ਸਕਦਾ ਹੈ।