ਸੰਸਦ ਦੇ ਬਾਹਰ ਗੂੰਜੇ ‘ਅਸਤੀਫ਼ਾ ਦੋ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ, ਇੰਡੀਆ ਤੇ ਐੱਨਡੀਏ ਆਹਮੋ-ਸਾਹਮਣੇ

ਸੰਸਦ ਦੇ ਬਾਹਰ ਗੂੰਜੇ ‘ਅਸਤੀਫ਼ਾ ਦੋ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ, ਇੰਡੀਆ ਤੇ ਐੱਨਡੀਏ ਆਹਮੋ-ਸਾਹਮਣੇ

ਮਾਨਸੂਨ ਸੈਸ਼ਨ ਦੌਰਾਨ ਸੀਜੇਪੀ ਦੇ ਚੱਲ ਰਹੇ ਅੰਦੋਲਨ ਦੇ ਮੱਦੇਨਜ਼ਰ ਸੰਸਦ ਦੇ ਬਾਹਰ ਵੀਰਵਾਰ ਨੂੰ ਸਿਆਸੀ ਮਾਹੌਲ ਕਾਫ਼ੀ ਗਰਮ ਰਿਹਾ। ਪੇਪਰ ਲੀਕ ਦੇ ਮੁੱਦੇ ਨੂੰ ਲੈ ਕੇ ਸੱਤਾਧਾਰੀ ਐੱਨਡੀਏ ਅਤੇ ਵਿਰੋਧੀ ਇੰਡੀਆ ਗਠਜੋੜ ਦੇ ਸੰਸਦ ਮੈਂਬਰ ਆਹਮੋ-ਸਾਹਮਣੇ ਆ ਗਏ ਅਤੇ ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ "ਅਸਤੀਫ਼ਾ ਦੋ, ਅਸਤੀਫ਼ਾ ਦੋ" ਅਤੇ "ਮੋਦੀ ਸਰਕਾਰ ਸ਼ਰਮ ਕਰੋ" ਦੇ ਨਾਅਰੇ ਲਗਾਏ। ਇਸ ਦੇ ਜਵਾਬ ਵਿੱਚ ਐੱਨਡੀਏ ਦੇ ਸੰਸਦ ਮੈਂਬਰਾਂ ਨੇ "ਵੰਦੇ ਮਾਤਰਮ" ਅਤੇ "ਭਾਰਤ ਮਾਤਾ ਕੀ ਜੈ" ਦੇ ਨਾਅਰੇ ਲਗਾ ਕੇ ਆਪਣਾ ਵਿਰੋਧ ਦਰਜ ਕਰਵਾਇਆ। ਵਿਰੋਧੀ ਧਿਰ ਵੱਲੋਂ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਕੀਤੀ। ਉਨ੍ਹਾਂ ਦੇ ਹੱਥਾਂ ਵਿੱਚ "ਪ੍ਰਧਾਨ ਨੂੰ ਬਰਖਾਸਤ ਕਰੋ" ਲਿਖੇ ਬੈਨਰ ਸਨ। ਇਸ ਪ੍ਰਦਰਸ਼ਨ ਵਿੱਚ ਕੁਮਾਰੀ ਸ਼ੈਲਜਾ, ਗੁਰਜੀਤ ਔਜਲਾ, ਜੋਤਿਮਣੀ, ਜੇਬੀ ਮੈਥਰ ਸਮੇਤ ਕਾਂਗਰਸ ਦੇ ਕਈ ਸੀਨੀਅਰ ਸੰਸਦ ਮੈਂਬਰ ਵੀ ਸ਼ਾਮਲ ਰਹੇ। ਸੰਸਦ ਦੇ ਬਾਹਰ ਹੋਈ ਇਸ ਨਾਅਰੇਬਾਜ਼ੀ ਨੇ ਮਾਨਸੂਨ ਸੈਸ਼ਨ ਦੇ ਇੱਕ ਹੋਰ ਤਣਾਅਪੂਰਨ ਦਿਨ ਦਾ ਸੰਕੇਤ ਦਿੱਤਾ, ਜਿੱਥੇ ਪੇਪਰ ਲੀਕ ਦੇ ਮੁੱਦੇ ਨੂੰ ਲੈ ਕੇ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਵਿਚਾਲੇ ਸਿਆਸੀ ਟਕਰਾਅ ਖੁੱਲ੍ਹ ਕੇ ਸਾਹਮਣੇ ਆਇਆ।