ਕਿਸਾਨ ਅੰਦੋਲਨ ਦੌਰਾਨ ਖਿੱਚਧੂਹ ਮਾਮਲਾ: ਬਿੱਟੂ ਨੇ ਪ੍ਰਿਯੰਕਾ ਗਾਂਧੀ ਦੀ ਭੂਮਿਕਾ ਦੀ ਜਾਂਚ ਮੰਗੀ

ਕਿਸਾਨ ਅੰਦੋਲਨ ਦੌਰਾਨ ਖਿੱਚਧੂਹ ਮਾਮਲਾ: ਬਿੱਟੂ ਨੇ ਪ੍ਰਿਯੰਕਾ ਗਾਂਧੀ ਦੀ ਭੂਮਿਕਾ ਦੀ ਜਾਂਚ ਮੰਗੀ

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਕਿਹਾ ਹੈ ਕਿ ਉਹ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਖ਼ਿਲਾਫ਼ ਇੱਕ ਸ਼ਿਕਾਇਤ ਦਰਜ ਕਰਵਾਉਣਗੇ। ਉਹ ਇਸ ਗੱਲ ਦੀ ਜਾਂਚ ਕਰਵਾਉਣਾ ਚਾਹੁੰਦੇ ਹਨ ਕਿ ਕਿਸਾਨ ਅੰਦੋਲਨ ਦੌਰਾਨ ਜਦੋਂ ਉਹ ਕਾਂਗਰਸ ਵਿਚ ਸਨ ਤਾਂ ਪ੍ਰਿਅੰਕਾ ਗਾਂਧੀ ਨੇ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਅੰਦੋਲਨਕਾਰੀ ਕਿਸਾਨਾਂ ਨੂੰ ਮਿਲਣ ਲਈ ਕਿਉਂ ਭੇਜਿਆ ਸੀ, ਜਿੱਥੇ ਉਨ੍ਹਾਂ ’ਤੇ ਹਮਲਾ ਹੋਇਆ ਸੀ।  ਵਿਸ਼ੇਸ਼ ਇੰਟਰਵਿਊ ਵਿੱਚ ਬਿੱਟੂ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਪ੍ਰਿਅੰਕਾ ਗਾਂਧੀ ਦੀ ਨੀਅਤ ’ਤੇ ਕੋਈ ਸ਼ੱਕ ਨਹੀਂ ਸੀ, ਹਾਲਾਂਕਿ ਉਹ ਜਾਣਦੇ ਸਨ ਕਿ ਕਿਸਾਨ ਉਨ੍ਹਾਂ ਖ਼ਿਲਾਫ਼ ਸਨ। ਹੁਣ ਉਹ ਚਾਹੁੰਦੇ ਹਨ ਕਿ ਇਸ ਦੀ ਜਾਂਚ ਹੋਵੇ ਕਿ ਕੀ ਪ੍ਰਿਅੰਕਾ ਗਾਂਧੀ ਕੋਈ ਵੱਡੀ ਘਟਨਾ ਵਾਪਰਨ ਦੀ ਉਮੀਦ ਕਰ ਰਹੇ ਸਨ, ਕਿਉਂਕਿ ਉਸ ਸਮੇਂ ਕੁਝ ਵੀ ਹੋ ਸਕਦਾ ਸੀ। ਮੰਤਰੀ ਨੇ ਯਾਦ ਕਰਵਾਇਆ ਕਿ ਉਸ ਵੇਲੇ ਉਹ ਅਤੇ ਵਿਧਾਇਕ ਕੁਲਬੀਰ ਜ਼ੀਰਾ ਅੰਦੋਲਨਕਾਰੀ ਕਿਸਾਨਾਂ ਹੱਥੋਂ ਮਾਰੇ ਜਾਣ ਤੋਂ ਮਸਾਂ ਬਚੇ ਸਨ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਹ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਸਾਜ਼ਿਸ਼ ਸੀ ਤਾਂ ਕਿ ਕੋਈ ਵੱਡਾ ਹੰਗਾਮਾ ਖੜ੍ਹਾ ਕੀਤਾ ਜਾ ਸਕੇ। ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਗੱਦਾਰ ਕਹੇ ਜਾਣ ’ਤੇ ਬਿੱਟੂ ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਅਜਿਹੀ ਹਲਕੀ ਸ਼ਬਦਾਵਲੀ ਵਰਤਣੀ ਰਾਹੁਲ ਗਾਂਧੀ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਵਿੱਚ ਵੀ ਬਹੁਤ ਸਾਰੇ ਅਜਿਹੇ ਨੇਤਾ ਅਤੇ ਐਮ.ਪੀ. ਹਨ ਜੋ ਦੂਜੀਆਂ ਪਾਰਟੀਆਂ ਛੱਡ ਕੇ ਆਏ ਹਨ, ਕੀ ਰਾਹੁਲ ਗਾਂਧੀ ਦੇ ਕਹਿਣ ਮੁਤਾਬਕ ਉਹ ਸਾਰੇ ਵੀ ਗੱਦਾਰ ਹਨ