ਫਿਰੋਜ਼ਪੁਰ ਸਿਵਲ ਹਸਪਤਾਲ ’ਚ ਗਰਭਵਤੀ ਔਰਤ ਨੂੰ ਬੈੱਡ ਨਾ ਮਿਲਿਆ, ਫਰਸ਼ ’ਤੇ ਲੇਟਣ ਲਈ ਮਜਬੂਰ
ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਦਾਖ਼ਲ ਇੱਕ ਗਰਭਵਤੀ ਔਰਤ ਨੂੰ ਕਥਿਤ ਤੌਰ ’ਤੇ ਬੈੱਡ ਨਾ ਮਿਲਣ ਕਾਰਨ ਫਰਸ਼ ’ਤੇ ਲੇਟਣਾ ਪਿਆ। ਪਰਿਵਾਰ ਨੇ ਹਸਪਤਾਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਇਲਾਜ ਨਾ ਹੋਣ ਦੇ ਦੋਸ਼ ਲਗਾਏ ਹਨ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਔਰਤ ਨੂੰ ਬੈੱਡ ਮੁਹੱਈਆ ਕਰਵਾ ਦਿੱਤਾ। ਫਿਰੋਜ਼ਪੁਰ ਦੇ ਪਿੰਡ ਮਸਤੇ ਕੇ ਨਾਲ ਸਬੰਧਤ ਪਰਿਵਾਰਕ ਮੈਂਬਰਾਂ ਮੁਤਾਬਕ, ਛੇ ਮਹੀਨਿਆਂ ਦੀ ਗਰਭਵਤੀ ਔਰਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਪਹਿਲੇ ਦਿਨ ਬੈੱਡ ’ਤੇ ਰੱਖਿਆ ਗਿਆ ਸੀ। ਪਰ ਬਾਅਦ ਵਿੱਚ ਇਹ ਕਹਿ ਕੇ ਉਸ ਨੂੰ ਬੈੱਡ ਤੋਂ ਉਠਾ ਦਿੱਤਾ ਗਿਆ ਕਿ ਉਸ ਬੈੱਡ ’ਤੇ ਕਿਸੇ ਹੋਰ ਮਰੀਜ਼ ਨੂੰ ਗਲੂਕੋਜ਼ ਲਗਾਉਣਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਔਰਤ ਨੂੰ ਲਗਾਤਾਰ ਦੋ ਦਿਨ ਫਰਸ਼ ’ਤੇ ਹੀ ਲੇਟਣਾ ਪਿਆ। ਬੈੱਡ ਨਾ ਮਿਲਣ ਕਾਰਨ ਉਸ ਨੇ ਆਪਣੀਆਂ ਚੱਪਲਾਂ ਨੂੰ ਸਿਰਹਾਣੇ ਵਜੋਂ ਰੱਖ ਕੇ ਫਰਸ਼ ’ਤੇ ਆਰਾਮ ਕੀਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਸਥਿਤੀ ਕਾਰਨ ਉਹ ਔਰਤ ਦੀ ਸਿਹਤ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹਸਪਤਾਲ ਵਿੱਚ ਗਰਭਵਤੀ ਔਰਤ ਦਾ ਢੁੱਕਵਾਂ ਇਲਾਜ ਨਹੀਂ ਕੀਤਾ ਗਿਆ। ਉਨ੍ਹਾਂ ਵੱਲੋਂ ਹਸਪਤਾਲ ਪ੍ਰਬੰਧਨ ਤੋਂ ਲਗਾਤਾਰ ਇਲਾਜ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਗਰਭਵਤੀ ਔਰਤ ਲਈ ਬੈੱਡ ਦਾ ਪ੍ਰਬੰਧ ਕੀਤਾ ਗਿਆ। ਇਸ ਸਬੰਧੀ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਬੈੱਡਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁਤਾਬਕ ਬੈੱਡਾਂ ਦੀ ਕਮੀ ਤੋਂ ਇਲਾਵਾ ਏਸੀ ਅਤੇ ਪੱਖਿਆਂ ਨਾਲ ਸਬੰਧਤ ਸਮੱਸਿਆਵਾਂ ਬਾਰੇ ਵੀ ਮਹਿਕਮੇ ਨੂੰ ਕਈ ਵਾਰ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਜਾ ਚੁੱਕਾ ਹੈ। ਜਦੋਂ ਇਸ ਮਾਮਲੇ ਸਬੰਧੀ ਐੱਸਐੱਮਓ ਡਾ. ਨਿਖਿਲ ਗੁਪਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਕੱਟ ਦਿੱਤਾ।
Posted By: Daily Suraj Bureau