ਸਰਹਿੰਦ ਨਹਿਰ ਵਿੱਚ ਬੂਟੀ ਤੇ ਪਲਾਸਟਿਕ ਫਸਣ ਨਾਲ ਪਾਣੀ ਦਾ ਵਹਾਅ ਘਟਿਆ, ਲੋਕਾਂ ਨੇ ਚੁੱਕੇ ਸਵਾਲ
- ਦੇਸ਼
- (Asia/Kolkata)
ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦਾ ਅਸਰ ਹੁਣ ਸਰਹਿੰਦ ਨਹਿਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰੀ ਮੀਂਹ ਕਾਰਨ ਬਰਸਾਤੀ ਪਾਣੀ ਨਾਲ ਆਈ ਬੂਟੀ, ਘਾਹ-ਫੂਸ ਅਤੇ ਪਲਾਸਟਿਕ ਦਾ ਕੂੜਾ ਨਹਿਰ ਦੇ ਪੁਲ ਹੇਠਾਂ ਬਣੇ ਬੀਮਾਂ ਵਿੱਚ ਫਸ ਗਿਆ ਹੈ, ਜਿਸ ਕਾਰਨ ਪਾਣੀ ਦਾ ਵਹਾਅ ਕਾਫ਼ੀ ਹੱਦ ਤੱਕ ਧੀਮਾ ਹੋ ਗਿਆ ਹੈ। ਇਸ ਦੇ ਨਤੀਜੇ ਵਜੋਂ ਨਹਿਰ ਵਿੱਚ ਪਾਣੀ ਇਕੱਠਾ ਹੋਣਾ ਵੀ ਸ਼ੁਰੂ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਣੀ ਦੇ ਤੇਜ਼ ਵਹਾਅ ਨਾਲ ਬੂਟੀ ਅਤੇ ਹੋਰ ਕੂੜਾ-ਕਰਕਟ ਸਤਲੁਜ ਦਰਿਆ ਰਾਹੀਂ ਸਰਹਿੰਦ ਨਹਿਰ ਵਿੱਚ ਪਹੁੰਚਿਆ। ਇਹ ਸਮੱਗਰੀ ਪੁਲ ਹੇਠਾਂ ਬਣੇ ਬੀਮਾਂ ਵਿੱਚ ਫਸਣ ਕਾਰਨ ਪਾਣੀ ਦੇ ਲੰਘਣ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ। ਨਹਿਰੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੀਂਹ ਦੇ ਪਾਣੀ ਨਾਲ ਆਈ ਬੂਟੀ, ਘਾਹ-ਫੂਸ ਅਤੇ ਪਲਾਸਟਿਕ ਦੇ ਸਮਾਨ ਨੇ ਕੁਝ ਬੀਮਾਂ ਵਿੱਚ ਰੁਕਾਵਟ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਉੱਥੋਂ ਪਾਣੀ ਦਾ ਵਹਾਅ ਘੱਟ ਹੋ ਗਿਆ ਹੈ। ਹਾਲਾਂਕਿ, ਹੋਰ ਬੀਮਾਂ ਰਾਹੀਂ ਪਾਣੀ ਦੀ ਆਵਾਜਾਈ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਬੂਟੀ ਆਮ ਤੌਰ ’ਤੇ ਬਰਸਾਤੀ ਨਾਲਿਆਂ ਵਿੱਚ ਉੱਗਦੀ ਹੈ ਅਤੇ ਮੀਂਹ ਦੇ ਪਾਣੀ ਨਾਲ ਵਹਿ ਕੇ ਪਹਿਲਾਂ ਸਤਲੁਜ ਦਰਿਆ ਅਤੇ ਫਿਰ ਨਹਿਰ ਵਿੱਚ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਲੋਕਾਂ ਵੱਲੋਂ ਨਹਿਰ ਵਿੱਚ ਸੁੱਟਿਆ ਗਿਆ ਪਲਾਸਟਿਕ ਦਾ ਕੂੜਾ ਵੀ ਸਮੱਸਿਆ ਨੂੰ ਹੋਰ ਗੰਭੀਰ ਬਣਾਉਂਦਾ ਹੈ। ਦੂਜੇ ਪਾਸੇ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਅਤੇ ਪੈਨਸ਼ਨਰਜ਼ ਮਹਾਸੰਘ ਦੇ ਪ੍ਰਧਾਨ ਲੈਕਚਰਾਰ ਧਰਮਪਾਲ ਸੋਖਲ ਨੇ ਨਹਿਰੀ ਵਿਭਾਗ ਦੇ ਪ੍ਰਬੰਧਾਂ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਪੱਕੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਬਰਸਾਤ ਦੇ ਦਿਨਾਂ ਵਿੱਚ ਪੁਲ ਹੇਠਾਂ ਝਾੜੀਆਂ ਅਤੇ ਕੂੜਾ ਫਸਣ ਕਾਰਨ ਨਾ ਸਿਰਫ਼ ਪਾਣੀ ਦੇ ਵਹਾਅ ’ਤੇ ਅਸਰ ਪੈਂਦਾ ਹੈ, ਸਗੋਂ ਸਫਾਈ ਦੌਰਾਨ ਪੁਲ ’ਤੇ ਆਵਾਜਾਈ ਵੀ ਕੁਝ ਸਮੇਂ ਲਈ ਰੋਕਣੀ ਪੈਂਦੀ ਹੈ, ਜਿਸ ਨਾਲ ਆਮ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Leave a Reply