ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਦਾ ਤਿੰਨ ਰੋਜ਼ਾ ਜੋੜ-ਮੇਲਾ ਸਮਾਪਤ
- ਲੁਧਿਆਣਾ
- (Asia/Kolkata)
ਲੁਧਿਆਣਾ (ਕਰਨੈਲ ਸਿੰਘ ਐੱਮ.ਏ.) ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਲਮਗੀਰ ਦੀ ਆਮਦ ਤੇ ਉਹਨਾਂ ਦੇ ਅਨਿੰਨ ਸੇਵਕ ਭਾਈ ਨਗਾਹੀਆ ਸਿੰਘ ਜੀ ਵੱਲੋਂ ਗੁਰੂ ਸਾਹਿਬ ਜੀ ਨੂੰ ਵਧੀਆ ਨਸਲ ਦਾ ਨੀਲਾ ਘੋੜਾ ਭੇਟ ਕਰਨ ਦੇ ਸੰਬੰਧ 'ਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ-ਮੇਲਾ 30 ਦਸੰਬਰ ਸ਼ਾਮ ਨੂੰ ਮੁੱਖ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਵੱਲੋਂ ਸ਼ੁਕਰਾਨੇ ਦੀ ਕੀਤੀ ਅਰਦਾਸ ਉਪਰੰਤ ਸੰਪੰਨ ਹੋ ਗਿਆ । 28, 29 ਅਤੇ 30 ਦਸੰਬਰ ਨੂੰ ਤਿੰਨ ਦਿਨਾਂ ਦੌਰਾਨ ਸ਼ਰਧਾਵਾਨ ਸਿੱਖ ਸੰਗਤਾਂ ਨੇ ਪੋਹ ਦੀ ਠੰਡ ਦੀ ਪ੍ਰਵਾਹ ਕੀਤੇ ਬਿਨਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਈਆਂ ਤੇ ਗੁਰੂ ਜਸ ਸਰਵਣ ਕੀਤਾ । ਹਰ ਵਾਰ ਦੀ ਤਰ੍ਹਾਂ ਸਤਿਗੁਰੂ ਜੀ ਦੇ ਦਰਬਾਰ ਸਾਹਿਬ ਅੰਦਰ ਕੀਤੀ ਗਈ ਸਜਾਵਟ ਨੂੰ ਸੰਗਤਾਂ ਵੱਲੋਂ ਖੂਬ ਸਲਾਹਿਆ ਗਿਆ । ਸੰਤ ਗਿਆਨੀ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ ਵਿਸ਼ੇਸ਼ ਰਾਗਾਂ ਵਾਲੇ ਕੀਰਤਨ ਦਰਬਾਰ ਨੇ ਸੰਗਤ ਨੂੰ ਧਾਰਨਾ ਵਾਲੇ ਪੱਖ ਤੋਂ ਮੋੜ ਕੇ ਗੁਰਮਤਿ ਸੰਗੀਤ ਨਾਲ ਜੋੜਨ ਦਾ ਵੱਡਾ ਉਦਮ ਕਾਰਗਰ ਸਾਬਿਤ ਹੋਇਆ ਮਹਿਸੂਸ ਹੋਇਆ । ਤਿੰਨ ਰੋਜ਼ਾ ਸਮਾਗਮ ਦੌਰਾਨ ਕਾਰ- ਸੇਵਾ ਵਾਲੇ ਬਾਬਿਆਂ, ਸਹਿਯੋਗੀ ਅਧਿਕਾਰੀਆਂ ਅਤੇ ਸੇਵਾਦਾਰਾਂ ਵੱਲੋਂ ਦਿੱਤੇ ਸਹਿਯੋਗ ਲਈ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹਿਦੀਆਣਾ ਸਾਹਿਬ ਜਾਣ ਵਾਲਾ ਨਗਰ ਕੀਰਤਨ ਅੰਮ੍ਰਿਤ ਵੇਲੇ 3-15 ਵਜੇ ਦੇ ਕਰੀਬ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪੁੱਜਿਆ ਅਤੇ ਵਿਸ਼ਰਾਮ ਤੋਂ ਬਾਅਦ ਦੁਪਹਿਰ ਵੇਲੇ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਇਆ । ਇਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਦਾ ਜਾਪ ਕਰਦੀਆਂ ਕਦਮ ਕਦਮ ਲੇਖੇ ਲਾਉਂਦੀਆਂ ਰਵਾਨਾ ਹੋਈਆਂ । ਜਿਸ ਵੇਲੇ ਗੁਰਦੁਆਰਾ ਮੰਜੀ ਸਾਹਿਬ ਵਿੱਚ ਜੋੜ-ਮੇਲੇ ਦੀ ਸਮਾਪਤੀ ਦੀ ਅਰਦਾਸ ਹੋ ਰਹੀ ਸੀ, ਉਸ ਵੇਲੇ ਮਹਿਦੀਆਣਾ ਸਾਹਿਬ ਵੱਲ ਜਾਣ ਵਾਲਾ ਨਗਰ ਕੀਰਤਨ ਪਿੰਡ ਆਲਮਗੀਰ ਦੀ ਪਰਿਕਰਮਾ ਕਰ ਰਿਹਾ ਸੀ । ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਤਿੰਨ ਦਿਨਾਂ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਾਮਲ ਹੋ ਕੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ।
Leave a Reply