ਐੱਸ.ਟੀ.ਸੀ ਮਸਤੂਆਣਾ ਸਾਹਿਬ ਦੇ ਦੋ ਵਾਲੀਬਾਲ ਖਿਡਾਰੀਆਂ ਦੀ ਭਾਰਤੀ ਅੰਡਰਰ-17 ਟੀਮ ਵਿੱਚ ਹੋਈ ਚੋਣ
(ਸ਼ਬਦ ਗੌਤਮ ਨੂੰ ਮਿਲੀ ਕਪਤਾਨੀ)ਮਸਤੂਆਣਾ ਸਾਹਿਬ, (ਜਗਸੀਰ ਸਿੰਘ) - ਸਾਈ ਟ੍ਰੇਨਿੰਗ ਸੈਂਟਰ ਐੱਸ.ਟੀ.ਸੀ ਮਸਤੂਆਣਾ ਸਾਹਿਬ ਨੇ ਵਾਲੀਬਾਲ ਦੇ ਖੇਤਰ ਵਿੱਚ ਇੱਕ ਹੋਰ ਮਾਣਮੱਤੀ ਉਪਲਬਧੀ ਹਾਸਲ ਕੀਤੀ ਹੈ। ਕੇਂਦਰ ਦੇ ਦੋ ਹੋਣਹਾਰ ਵਾਲੀਬਾਲ ਖਿਡਾਰੀ ਸ਼ਬਦ ਗੌਤਮ ਅਤੇ ਸੁਖਮੀਤ ਸਿੰਘ ਸਿੱਧੂ ਦੀ ਚੋਣ ਅੰਡਰ-17 ਵਿਸ਼ਵ ਵਾਲੀਬਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਵਿੱਚ ਹੋਈ ਹੈ। ਇਹ ਚੈਂਪੀਅਨਸ਼ਿਪ 19 ਤੋਂ 29 ਅਗਸਤ 2026 ਤੱਕ ਦੋਹਾ, ਕਤਰ ਵਿਖੇ ਕਰਵਾਈ ਜਾ ਰਹੀ ਹੈ। ਇੱਥੇ ਵਰਣਨਯੋਗ ਹੈ ਕਿ ਸ਼ਬਦ ਗੌਤਮ ਨੂੰ ਟੀਮ ਇੰਡੀਆ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਸ਼ਵ ਪੱਧਰੀ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਇਹ ਮਾਣ ਐੱਸ.ਟੀ.ਸੀ ਮਸਤੂਆਣਾ ਸਾਹਿਬ ਲਈ ਬੇਹੱਦ ਮਾਣ ਵਾਲਾ ਪਲ ਹੈ। ਇਹ ਪ੍ਰਾਪਤੀ ਸ਼ਬਦ ਗੌਤਮ ਦੀ ਪ੍ਰਤਿਭਾ, ਮਿਹਨਤ, ਅਨੁਸ਼ਾਸਨ ਅਤੇ ਲੀਡਰਸ਼ਿਪ ਸਮਰੱਥਾ ਦਾ ਪ੍ਰਗਟਾਵਾ ਕਰਦੀ ਹੈ। ਐੱਸ.ਟੀ.ਸੀ ਮਸਤੂਆਣਾ ਸਾਹਿਬ ਦੇ ਖਿਡਾਰੀਆਂ ਦੀ ਇਹ ਸਫਲਤਾ ਕੇਂਦਰ ਵਿਖੇ ਚੱਲ ਰਹੇ ਟ੍ਰੇਨਿੰਗ ਪ੍ਰੋਗਰਾਮ, ਉੱਚ ਪੱਧਰੀ ਕੋਚਿੰਗ, ਅਨੁਸ਼ਾਸਨ ਅਤੇ ਤਕਨੀਕੀ ਯੋਗਤਾ ਦਾ ਨਤੀਜਾ ਹੈ। ਇਸ ਮਾਣਮੱਤੀ ਪ੍ਰਾਪਤੀ ਵਿੱਚ ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ ਵੱਲੋਂ ਮਿਲ ਰਹੇ ਸਹਿਯੋਗ ਅਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਨੂੰ ਵੀ ਸਨਮਾਨ ਸਹਿਤ ਯਾਦ ਕੀਤਾ ਜਾਂਦਾ ਹੈ। ਇਸ ਉਪਲਬਧੀ ਦਾ ਸਿਹਰਾ ਸਾਈ ਵਾਲੀਬਾਲ ਕੋਚ ਸ਼੍ਰੀ ਯਾਦਵਿੰਦਰ ਸਿੰਘ ਔਲਖ ਦੀ ਸਮਰਪਿਤ ਮਿਹਨਤ ਅਤੇ ਕੋਚਿੰਗ ਨੂੰ ਜਾਂਦਾ ਹੈ। ਉਨ੍ਹਾਂ ਦੀ ਚੰਗੀ ਕੋਚਿੰਗ, ਤਕਨੀਕੀ ਸਮਝ ਅਤੇ ਰਣਨੀਤਕ ਯੋਜਨਾਬੰਦੀ ਨੇ ਇਨ੍ਹਾਂ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰ ਕੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮਾਣਮੱਤੀ ਪ੍ਰਾਪਤੀ ’ਤੇ ਐੱਸ.ਟੀ.ਸੀ ਮਸਤੂਆਣਾ ਸਾਹਿਬ ਦੇ ਅਸਿਸਟੈਂਟ ਡਾਇਰੈਕਟਰ ਸ਼੍ਰੀ ਪੁਸ਼ਕਰ ਸਿੰਘ, ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ ਦੇ ਸਕੱਤਰ ਸ਼੍ਰੀ ਜਸਵੰਤ ਸਿੰਘ ਖਹਿਰਾ ਅਤੇ ਐੱਸ.ਟੀ.ਸੀ ਮਸਤੂਆਣਾ ਸਾਹਿਬ ਦੇ ਸੇਵਾਮੁਕਤ ਇੰਚਾਰਜ ਅਤੇ ਮੁੱਖ ਕੋਚ (ਹੈਂਡਬਾਲ) ਸ਼੍ਰੀ ਮਨਜੀਤ ਸਿੰਘ ਬਾਲੀਆਂ ਨੇ ਸ਼ਬਦ ਗੌਤਮ ਅਤੇ ਸੁਖਮੀਤ ਸਿੰਘ ਸਿੱਧੂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਦੋਵਾਂ ਖਿਡਾਰੀਆਂ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੇਡਾਂ ਦੇ ਵਿਕਾਸ ਲਈ ਅਕਾਲ ਕਾਲਜ ਕੌਂਸਲ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਨੂੰ ਵੀ ਸ਼ਲਾਘਾਯੋਗ ਦੱਸਿਆ। ਐੱਸ.ਟੀ.ਸੀ ਮਸਤੂਆਣਾ ਸਾਹਿਬ ਦੀ ਇਹ ਉਪਲਬਧੀ ਇਸ ਗੱਲ ਦਾ ਪ੍ਰਤੀਕ ਹੈ ਕਿ ਮਸਤੂਆਣਾ ਸਾਹਿਬ ਦੇ ਟ੍ਰੇਨਿੰਗ ਕੋਰਟਾਂ ਤੋਂ ਤਿਆਰ ਹੋ ਰਹੇ ਖਿਡਾਰੀ ਹੁਣ ਰਾਸ਼ਟਰੀ ਹੀ ਨਹੀਂ, ਸਗੋਂ ਵਿਸ਼ਵ ਪੱਧਰੀ ਮੰਚ ’ਤੇ ਵੀ ਆਪਣੀ ਪਛਾਣ ਬਣਾ ਰਹੇ ਹਨ।
Posted By: Daily Suraj Bureau