ਵਰਿੰਦਰ ਸਹਿਵਾਗ ਨੇ ਪੁੱਤਰ ਆਰਿਆਵੀਰ ਦੀ ਕੀਤੀ ਹੌਸਲਾ ਅਫਜ਼ਾਈ, ਕਿਹਾ- ਕੁਝ ਪਲ ਟਰਾਫੀਆਂ ਤੋਂ ਵੀ ਵੱਡੇ ਹੁੰਦੇ ਹਨ
ਭਾਰਤ ਦੇ 2026 ਅੰਡਰ-19 ਏਸ਼ੀਆ ਕੱਪ ਫਾਈਨਲ ਦੌਰਾਨ ਮੈਚ ਦਾ ਤਣਾਅ ਆਰਿਆਵੀਰ ਸਹਿਵਾਗ ’ਤੇ ਵੀ ਸਾਫ਼ ਦਿਖਾਈ ਦੇ ਰਿਹਾ ਸੀ। ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਪੁੱਤਰ ਆਰਿਆਵੀਰ ਨੇ ਆਪਣੇ ਪਿਤਾ ਨਾਲ ਵੀਡੀਓ ਕਾਲ ਦੌਰਾਨ ਦੱਸਿਆ ਕਿ ਫਾਈਨਲ ਦੇ ਅਹਿਮ ਪਲਾਂ ਵਿੱਚ ਉਹ ਕਾਫ਼ੀ ਘਬਰਾਇਆ ਹੋਇਆ ਸੀ ਅਤੇ ਲਗਾਤਾਰ ‘ਸੀਤਾ ਰਾਮ, ਸੀਤਾ ਰਾਮ’ ਦਾ ਜਾਪ ਕਰ ਰਿਹਾ ਸੀ।
ਭਾਰਤ ਦੀ ਟੂਰਨਾਮੈਂਟ ਵਿੱਚ ਜਿੱਤ ਤੋਂ ਬਾਅਦ ਵਰਿੰਦਰ ਸਹਿਵਾਗ ਨੇ ਸੋਸ਼ਲ ਮੀਡੀਆ ’ਤੇ ਆਪਣੇ ਪੁੱਤਰ ਨਾਲ ਹੋਈ ਇਸ ਭਾਵੁਕ ਗੱਲਬਾਤ ਦੀ ਵੀਡੀਓ ਸਾਂਝੀ ਕੀਤੀ। ਵੀਡੀਓ ਵਿੱਚ ਆਰਿਆਵੀਰ ਫਾਈਨਲ ਮੈਚ ਦੇ ਤਣਾਅਪੂਰਨ ਪਲਾਂ ਨੂੰ ਯਾਦ ਕਰਦਿਆਂ ਆਪਣੇ ਪਿਤਾ ਨੂੰ ਕਹਿੰਦਾ ਹੈ, ‘‘ਪਾਪਾ, ਮੈਂ ਬਹੁਤ ਘਬਰਾਇਆ ਹੋਇਆ ਸੀ। ਮੈਂ ਬੱਸ ‘ਸੀਤਾ ਰਾਮ, ਸੀਤਾ ਰਾਮ’ ਦਾ ਜਾਪ ਹੀ ਕਰ ਰਿਹਾ ਸੀ।’’
ਇਸ ਵੀਡੀਓ ਵਿੱਚ ਪਿਓ-ਪੁੱਤਰ ਵਿਚਾਲੇ ਹੋਈ ਗੱਲਬਾਤ ਨੇ ਕ੍ਰਿਕਟ ਦੇ ਮੈਦਾਨ ਤੋਂ ਬਾਹਰ ਖਿਡਾਰੀ ਦੇ ਭਾਵਨਾਤਮਕ ਪੱਖ ਨੂੰ ਵੀ ਸਾਹਮਣੇ ਲਿਆਂਦਾ ਹੈ। ਵਰਿੰਦਰ ਸਹਿਵਾਗ ਨੇ ਆਪਣੇ ਪੁੱਤਰ ਦੀ ਇਸ ਯਾਦ ਨੂੰ ਖ਼ਾਸ ਦੱਸਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਕੁਝ ਪਲ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਮਹੱਤਤਾ ਇਨਾਮਾਂ, ਦੌੜਾਂ ਅਤੇ ਟਰਾਫੀਆਂ ਨਾਲੋਂ ਵੀ ਵੱਧ ਹੁੰਦੀ ਹੈ।
ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਵਰਿੰਦਰ ਨੇ ਲਿਖਿਆ ਕਿ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬਣਨ ਤੋਂ ਲੈ ਕੇ ਫਾਈਨਲ ਦੇ ਸਾਹ ਰੋਕ ਦੇਣ ਵਾਲੇ ਪਲਾਂ ਨੂੰ ਯਾਦ ਕਰਨ ਤੱਕ, ਪੁੱਤਰ ਆਰਿਆਵੀਰ ਨਾਲ ਇਹ ਗੱਲਬਾਤ ਉਨ੍ਹਾਂ ਲਈ ਬੇਹੱਦ ਖ਼ਾਸ ਹੈ।
ਉਨ੍ਹਾਂ ਕਿਹਾ ਕਿ ਇਹ ਅਜਿਹੀਆਂ ਯਾਦਾਂ ਹਨ, ਜਿਨ੍ਹਾਂ ਨੂੰ ਇੱਕ ਪਿਤਾ ਹਮੇਸ਼ਾ ਆਪਣੇ ਦਿਲ ਵਿੱਚ ਸੰਭਾਲ ਕੇ ਰੱਖਦਾ ਹੈ। ਵਰਿੰਦਰ ਨੇ ਆਪਣੇ ਪੁੱਤਰ ਨੂੰ ਅਸੀਸ ਦਿੰਦਿਆਂ ਕਾਮਨਾ ਕੀਤੀ ਕਿ ਉਹ ਹਮੇਸ਼ਾ ਨਿਮਰ ਰਹੇ ਅਤੇ ਆਪਣੀ ਮਿਹਨਤ ਤੇ ਹੁਨਰ ਦੇ ਦਮ ’ਤੇ ਜ਼ਿੰਦਗੀ ਵਿੱਚ ਹੋਰ ਉੱਚਾਈਆਂ ਹਾਸਲ ਕਰੇ।