ਪੰਜਾਬ ਵਿੱਚ ਬੇਅਦਬੀ ਦੇ ਮਾਮਲੇ: ਹਿੰਸਾ ਦੇ ਦੌਰ ਤੋਂ ਸਿਆਸੀ ਦੌਰ ਤੱਕ ਵਧਦਾ ਵਿਵਾਦ
- ਪੰਜਾਬ
- (Asia/Kolkata)
ਪੰਜਾਬ ਦੇ ਇਤਿਹਾਸ ਵਿੱਚ ਅੱਸੀ ਅਤੇ ਨੱਬੇ ਦੇ ਦਹਾਕੇ ਨੂੰ ਹਿੰਸਾ ਅਤੇ ਅਸ਼ਾਂਤੀ ਦੇ ਦੌਰ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਸਮੇਂ ਦੌਰਾਨ ਸੂਬੇ ਨੇ ਕਈ ਦੁੱਖਦਾਈ ਘਟਨਾਵਾਂ ਦਾ ਸਾਹਮਣਾ ਕੀਤਾ, ਪਰ ਗੁਰੂ ਦੀ ਬਾਣੀ ਪ੍ਰਤੀ ਲੋਕਾਂ ਦੀ ਸ਼ਰਧਾ ਅਤੇ ਆਸਥਾ ਕਾਇਮ ਰਹੀ। ਮੌਜੂਦਾ ਸਮੇਂ ਵਿੱਚ ਬੇਅਦਬੀ ਦਾ ਮੁੱਦਾ ਮੁੜ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਦੀਆਂ ਜੜ੍ਹਾਂ ਅੱਸੀ ਦੇ ਦਹਾਕੇ ਤੱਕ ਜਾਂਦੀਆਂ ਹਨ। ਜਿੱਥੇ ਪਹਿਲਾਂ ਹਿੰਸਾ ਦੇ ਮਾਹੌਲ ਵਿੱਚ ਅਜਿਹੇ ਮਾਮਲੇ ਸੀਮਤ ਸਨ, ਉੱਥੇ ਬਾਅਦ ਦੇ ਸਿਆਸੀ ਦੌਰ ਵਿੱਚ ਇਨ੍ਹਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ। ਉਪਲਬਧ ਅੰਕੜਿਆਂ ਅਨੁਸਾਰ ਸਾਲ 1981 ਤੋਂ 1999 ਤੱਕ ਬੇਅਦਬੀ ਦੇ 129 ਮਾਮਲੇ ਦਰਜ ਹੋਏ। ਇਨ੍ਹਾਂ ਵਿੱਚ 1982 ਦੌਰਾਨ ਸਭ ਤੋਂ ਵੱਧ 53, 1983 ਵਿੱਚ 30 ਅਤੇ 1984 ਵਿੱਚ 27 ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ 1988 ਤੋਂ 2015 ਤੱਕ ਪੰਜਾਬ ਵਿੱਚ ਬੇਅਦਬੀ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ। ਮੁੜ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਬੇਅਦਬੀ ਨਾਲ ਜੁੜੀ ਘਟਨਾ ਨੇ ਸੂਬੇ ਵਿੱਚ ਨਵਾਂ ਵਿਵਾਦ ਖੜ੍ਹਾ ਕੀਤਾ। ਇਤਿਹਾਸਕ ਪ੍ਰਸੰਗਾਂ ਵਿੱਚ ਅਪਰੇਸ਼ਨ ਬਲੂ ਸਟਾਰ ਨੂੰ ਵੀ ਸਭ ਤੋਂ ਵੱਡੀਆਂ ਬੇਅਦਬੀ ਵਾਲੀਆਂ ਘਟਨਾਵਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਸ ਘਟਨਾ ਦੌਰਾਨ ਪਵਿੱਤਰ ਅਸਥਾਨ 'ਤੇ ਹਮਲਾ ਹੋਇਆ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲੱਗਣ ਦੀ ਘਟਨਾ ਵੀ ਵਾਪਰੀ। ਹਿੰਸਾ ਦੇ ਦੌਰ ਵਿੱਚ ਮਾਝੇ ਅਤੇ ਦੋਆਬੇ ਦੇ ਕਈ ਇਲਾਕਿਆਂ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਨੇੜੇ ਇਤਰਾਜ਼ਯੋਗ ਵਸਤਾਂ ਸੁੱਟ ਕੇ ਸਮਾਜ ਵਿੱਚ ਨਫ਼ਰਤ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਮਾਲੇਰਕੋਟਲਾ ਵਿੱਚ 1980 ਦੌਰਾਨ ਵੀ ਅਜਿਹੀ ਘਟਨਾ ਸਾਹਮਣੇ ਆਈ ਸੀ। ਇਸੇ ਤਰ੍ਹਾਂ 2 ਫਰਵਰੀ 1986 ਨੂੰ ਨਕੋਦਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪਾਂ ਨੂੰ ਅਗਨ ਭੇਟ ਕਰਨ ਦੀ ਘਟਨਾ ਵਾਪਰੀ। ਬਾਅਦ ਵਿੱਚ ਜਦੋਂ ਸਿੱਖ ਸੰਗਤ ਇਨ੍ਹਾਂ ਸਰੂਪਾਂ ਨੂੰ ਮਰਿਆਦਾ ਅਨੁਸਾਰ ਸ੍ਰੀ ਗੋਇੰਦਵਾਲ ਸਾਹਿਬ ਲੈ ਕੇ ਜਾ ਰਹੀ ਸੀ ਤਾਂ ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਚਾਰ ਨੌਜਵਾਨ ਸ਼ਹੀਦ ਹੋ ਗਏ। ਇਸ ਮਾਮਲੇ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ ਅਤੇ ਉਸ ਦੀ ਰਿਪੋਰਟ ਵੀ ਜਾਰੀ ਕੀਤੀ ਗਈ, ਹਾਲਾਂਕਿ ਇਸ ਘਟਨਾ ਸਬੰਧੀ ਇਨਸਾਫ਼ ਅਜੇ ਵੀ ਅਧੂਰਾ ਮੰਨਿਆ ਜਾਂਦਾ ਹੈ। ਸਾਲ 2015 ਦੌਰਾਨ ਬਰਗਾੜੀ ਵਿੱਚ ਗੁਰੂ ਦੀ ਬਾਣੀ ਨਾਲ ਜੁੜੀ ਘਟਨਾ ਨੇ ਪੂਰੇ ਪੰਜਾਬ ਨੂੰ ਝੰਝੋੜ ਦਿੱਤਾ। ਇਸ ਘਟਨਾ ਨੂੰ 11 ਸਾਲ ਬੀਤ ਜਾਣ ਦੇ ਬਾਵਜੂਦ ਨਿਆਂ ਦੀ ਉਡੀਕ ਜਾਰੀ ਹੈ। ਇਸ ਤੋਂ ਬਾਅਦ ਬੇਅਦਬੀ ਦਾ ਮੁੱਦਾ ਲਗਭਗ ਹਰ ਛੋਟੀ ਅਤੇ ਵੱਡੀ ਚੋਣ ਵਿੱਚ ਅਹਿਮ ਸਿਆਸੀ ਵਿਸ਼ਾ ਬਣਿਆ ਰਿਹਾ। ਅੰਕੜਿਆਂ ਅਨੁਸਾਰ 2015 ਵਿੱਚ ਸਭ ਤੋਂ ਵੱਧ 65 ਬੇਅਦਬੀ ਦੇ ਕੇਸ ਦਰਜ ਕੀਤੇ ਗਏ। ਇਸ ਤੋਂ ਬਾਅਦ ਜੂਨ 2015 ਤੋਂ ਦਸੰਬਰ 2025 ਤੱਕ ਪੰਜਾਬ ਪੁਲੀਸ ਨੇ 597 ਮਾਮਲੇ ਦਰਜ ਕੀਤੇ। ਇਸ ਦੌਰਾਨ ਲਗਭਗ ਹਰ ਸਾਲ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ। ਬੇਅਦਬੀ ਦੇ ਮਾਮਲਿਆਂ ਨੂੰ ਰੋਕਣ ਲਈ 13 ਅਪਰੈਲ 2026 ਨੂੰ ਪੰਜਾਬ ਵਿਧਾਨ ਸਭਾ ਵਿੱਚ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ' ਪਾਸ ਕੀਤਾ ਗਿਆ, ਜਿਸ ਵਿੱਚ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਬੇਅਦਬੀ ਦਾ ਮੁੱਦਾ ਇੱਕ ਵਾਰ ਫਿਰ ਸੂਬੇ ਦੀ ਸਿਆਸਤ ਵਿੱਚ ਕੇਂਦਰੀ ਸਥਾਨ ਹਾਸਲ ਕਰਦਾ ਦਿਖਾਈ ਦੇ ਰਿਹਾ ਹੈ। ਨਿਰੰਕਾਰੀ ਵਿਵਾਦ ਨਾਲ ਜੁੜੇ ਮਾਮਲੇ ਕਾਲੇ ਦੌਰ ਦੌਰਾਨ ਨਿਰੰਕਾਰੀਆਂ ਨਾਲ ਸੰਬੰਧਿਤ 65 ਮਾਮਲੇ ਵੀ ਦਰਜ ਕੀਤੇ ਗਏ ਸਨ। ਇਸ ਵਿਵਾਦ ਨੂੰ ਹਿੰਸਕ ਦੌਰ ਦੀ ਸ਼ੁਰੂਆਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਨਿਰੰਕਾਰੀ ਮਿਸ਼ਨ ਵੱਲੋਂ ਪ੍ਰਚਾਰਿਤ 'ਅਵਤਾਰ ਬਾਣੀ' ਨੂੰ ਸਿੱਖ ਭਾਈਚਾਰੇ ਨੇ ਗੁਰੂ ਸਾਹਿਬਾਨਾਂ ਦੀ ਤੌਹੀਨ ਮੰਨਿਆ। 13 ਅਪਰੈਲ 1978 ਦੀ ਘਟਨਾ ਵਿੱਚ ਸਿੱਖ ਭਾਈਚਾਰੇ ਦੇ 13 ਵਿਅਕਤੀ ਸ਼ਹੀਦ ਹੋਏ ਸਨ। ਇਸ ਤੋਂ ਬਾਅਦ 24 ਅਪਰੈਲ 1980 ਨੂੰ ਨਿਰੰਕਾਰੀ ਮਿਸ਼ਨ ਦੇ ਬਾਬਾ ਗੁਰਬਚਨ ਸਿੰਘ ਦੀ ਹੱਤਿਆ ਹੋਈ ਅਤੇ ਨਿਰੰਕਾਰੀ ਭਵਨਾਂ ਅਤੇ ਸਮਾਗਮਾਂ 'ਤੇ ਹਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ। 1983 ਵਿੱਚ 22 ਅਤੇ 1984 ਵਿੱਚ 11 ਮਾਮਲੇ ਨਿਰੰਕਾਰੀਆਂ 'ਤੇ ਹਮਲਿਆਂ ਨਾਲ ਸੰਬੰਧਿਤ ਦਰਜ ਹੋਏ। ਇਸ ਦੌਰਾਨ ਅਕਾਲ ਤਖ਼ਤ ਵੱਲੋਂ ਨਿਰੰਕਾਰੀਆਂ ਨਾਲ ਕੋਈ ਸਾਂਝ ਨਾ ਰੱਖਣ ਸਬੰਧੀ ਹੁਕਮਨਾਮਾ ਵੀ ਜਾਰੀ ਕੀਤਾ ਗਿਆ।
Leave a Reply