2026 ਦਾ ਧੂਮ-ਧਾਮ ਨਾਲ ਸਵਾਗਤ
- ਚੰਡੀਗੜ੍ਹ
- (Asia/Kolkata)
ਨਵੇਂ ਸਾਲ ਨੂੰ ‘ਜੀ ਆਇਆਂ’ ਕਹਿਣ ਲਈ ਕਲੱਬਾਂ ਤੇ ਹੋਟਲਾਂ ਵਿੱਚ ਰੌਣਕਾਂ; ਚੰਡੀਗੜ੍ਹ ਸ਼ਹਿਰ ਦੀਆਂ ਸਡ਼ਕਾਂ ’ਤੇ ਲੋਕਾਂ ਦੀ ਭੀਡ਼; ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਲੀਸ ਰਹੀ ਚੌਕਸ
ਚੰਡੀਗਡ਼੍ਹ
ਨਵੇਂ ਸਾਲ ਦੇ ਸਵਾਗਤ ਲਈ ਚੰਡੀਗੜ੍ਹ ਦੇ ਸੈਕਟਰ 34 ਦੀ ਮਾਰਕੀਟ ਵਿੱਚ ਇਕੱਠੇ ਹੋਏ ਲੋਕ। -ਫੋਟੋਆਂ: ਵਿੱਕੀ ਘਾਰੂ
ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਨਵੇਂ ਸਾਲ 2026 ਦਾ ਸਵਾਗਤ ਧੂਮ-ਧਾਮ ਨਾਲ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਲਗਪਗ 100 ਤੋਂ ਵੱਧ ਕਲੱਬਾਂ ਅਤੇ ਹੋਟਲਾਂ ਵਿੱਚ ਸਮਾਗਮ ਕਰਵਾਏ ਗਏ। ਅੱਜ ਸ਼ਹਿਰ ਵਿੱਚ ਪੈ ਰਹੀ ਅਤਿ ਦੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਏਲਾਂਤੇ ਮਾਲ ਸਣੇ ਸ਼ਹਿਰ ਵਿੱਚ ਹੋਰ ਘੁੰਮਣ ਫਿਰਨ ਵਾਲੀਆਂ ਥਾਵਾਂ ’ਤੇ ਪਹੁੰਚੇ ਹੋਏ ਹਨ। ਜਿੱਥੇ ਸਾਰਿਆਂ ਨੇ ਖੁਸ਼ੀ-ਖੁਸ਼ੀ ਨੱਚਦੇ-ਟੱਪਦੇ ਨਵੇਂ ਸਾਲ ਦਾ ਸਵਾਗਤ ਕੀਤਾ, ਉੱਥੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਦੀਆਂ ਸੜਕਾਂ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ। ਖ਼ਾਸ ਕਰ ਏਲਾਂਤੇ ਮਾਲ ਦੇ ਨਜ਼ਦੀਕੀ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ। ਨਵੇਂ ਸਾਲ ਦੇ ਸਵਾਗਤ ਲਈ ਵੱਖ-ਵੱਖ ਕਲੱਬਾਂ ਵੱਲੋਂ ਉੱਘੇ ਗਾਇਕਾਂ ਨੂੰ ਸੱਦਿਆ ਹੋਇਆ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 26, 7, 8, 9, 10, 22, 35, 43, 17 ਸਮੇਤ ਹੋਰਨਾਂ ਸੈਕਟਰਾਂ ਵਿੱਚ ਸਥਿਤ ਹੋਟਲਾਂ ਤੇ ਕਲੱਬਾਂ ਵਿੱਚ ਵੀ ਰੌਣਕਾਂ ਲੱਗੀਆਂ ਰਹੀਆਂ।
ਦੂਜੇ ਪਾਸੇ, ਚੰਡੀਗੜ੍ਹ ਪੁਲੀਸ ਵੱਲੋਂ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਅਮਨ-ਕਾਨੂੰਨ, ਸੁਰੱਖਿਆ ਅਤੇ ਟਰੈਫਿਕ ਵਿਵਸਥਾ ਸਬੰਧੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਚੰਡੀਗੜ੍ਹ ਪੁਲੀਸ ਦੇ ਇੱਕ ਹਜ਼ਾਰ ਮੁਲਾਜ਼ਮਾਂ ਨੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਅਤੇ ਬਾਹਰੀ ਸੜਕਾਂ ’ਤੇ 78 ਥਾਵਾਂ ’ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲੀਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਰੋਕਣ ਲਈ ਵੀ ਵਿਸ਼ੇਸ਼ ਨਾਕੇ ਲਾਏ ਹੋਏ ਸਨ। ਪੁਲੀਸ ਵੱਲੋਂ ਸ਼ਹਿਰ ਦੇ ਪੱਬਾਂ, ਬਾਰਾਂ, ਸੈਕਟਰ-17 ਪਲਾਜ਼ਾ, ਏਲਾਂਤੇ ਮਾਲ, ਅਰੋਮਾ ਹੋਟਲ ਚੌਕ ਦੇ ਆਲੇ-ਦੁਆਲੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
Leave a Reply