ਕੈਨੇਡਾ 'ਚ ਹਵਾਈ ਹਾਦਸੇ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਦਰਦਨਾਕ ਮੌਤ, ਪਾਇਲਟ ਦੀ ਸਿਖਲਾਈ ਲੈ ਰਹੇ ਸਨ ਮ੍ਰਿਤਕ
- ਵਿਦੇਸ਼
- (Asia/Kolkata)
ਕੈਨੇਡਾ ਵਿੱਚ ਉਡਾਣ ਸਿਖਲਾਈ (ਫਲਾਈਟ ਟਰੇਨਿੰਗ) ਦੌਰਾਨ ਵਾਪਰੇ ਇੱਕ ਦਰਦਨਾਕ ਹਵਾਈ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਇਹ ਜਾਣਕਾਰੀ ਕੈਨੇਡਾ ਸਥਿਤ ਭਾਰਤੀ ਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਹੈ।ਜਾਣਕਾਰੀ ਅਨੁਸਾਰ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੀ ਪਛਾਣ ਤਾਮਿਲਨਾਡੂ ਦੇ ਰਹਿਣ ਵਾਲੇ ਮਨੋਜ ਸਿਵਾਕੁਮਾਰ ਅਤੇ ਪੁਡੂਚੇਰੀ ਦੇ ਸ੍ਰੀਸਰਨ ਥਿਰੂਗਨਾਨਾਸੰਬੰਥਮ ਵਜੋਂ ਹੋਈ ਹੈ। ਦੋਵੇਂ ਨੌਜਵਾਨ ਕੈਨੇਡਾ ਵਿੱਚ ਪਾਇਲਟ ਬਣਨ ਲਈ ਫਲਾਈਟ ਟਰੇਨਿੰਗ ਲੈ ਰਹੇ ਸਨ, ਜਿਸ ਦੌਰਾਨ ਉਨ੍ਹਾਂ ਦਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।ਵੈਨਕੂਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਦਰਦਨਾਕ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਟਵਿੱਟਰ) 'ਤੇ ਇੱਕ ਅਧਿਕਾਰਤ ਪੋਸਟ ਸਾਂਝੀ ਕਰਦਿਆਂ ਲਿਖਿਆ, "ਵੈਨਕੂਵਰ ਸਥਿਤ ਭਾਰਤ ਦਾ ਕੌਂਸਲੇਟ ਜਨਰਲ ਤਾਮਿਲਨਾਡੂ ਦੇ ਸ੍ਰੀ ਮਨੋਜ ਸਿਵਾਕੁਮਾਰ ਅਤੇ ਪੁਡੂਚੇਰੀ ਦੇ ਸ੍ਰੀਸਰਨ ਥਿਰੂਗਨਾਨਾਸੰਬੰਥਮ ਦੀ ਦਰਦਨਾਕ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਇਹ ਦੋਵੇਂ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਉਡਾਣ ਸਿਖਲਾਈ ਦੌਰਾਨ ਇੱਕ ਹਵਾਈ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠੇ ਹਨ।" ਭਾਰਤੀ ਮਿਸ਼ਨ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਅੱਗੇ ਕਿਹਾ ਕਿ ਇਸ ਔਖੀ ਘੜੀ ਵਿੱਚ ਉਨ੍ਹਾਂ ਦੀਆਂ ਸੰਵੇਦਨਾਵਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਦੇ ਨਾਲ ਹਨ। ਇਸ ਦੇ ਨਾਲ ਹੀ ਕੌਂਸਲੇਟ ਨੇ ਭਰੋਸਾ ਦਿੱਤਾ ਹੈ ਕਿ ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣ (ਰਿਪੈਟ੍ਰੀਏਸ਼ਨ) ਲਈ ਪਰਿਵਾਰਾਂ ਨੂੰ ਹਰ ਸੰਭਵ ਕੌਂਸਲਰ ਅਤੇ ਪ੍ਰਸ਼ਾਸਨਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
Leave a Reply