ਹੈਲਥ ਕੈਨੇਡਾ ਵੱਲੋਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਦਾ ਦੇਸ਼ ਭਰ ਵਿੱਚ ਰਿਕਾਲ
- ਵਿਦੇਸ਼
- (Asia/Kolkata)
ਹੈਲਥ ਕੈਨੇਡਾ ਨੇ ਬਲੱਡ ਪ੍ਰੈਸ਼ਰ ਨਾਲ ਸੰਬੰਧਿਤ ਦੋ ਦਵਾਈਆਂ ਦੇ ਮਿਕਸ ਹੋ ਜਾਣ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਵਿੱਚ ਰਿਕਾਲ ਜਾਰੀ ਕਰ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਕੁਝ ਸ਼ੀਸ਼ੀਆਂ ਵਿੱਚ ਗਲਤ ਦਵਾਈ ਹੋਣ ਦੀ ਸੰਭਾਵਨਾ ਦੇ ਚਲਦਿਆਂ ਇਹ ਕਦਮ ਚੁੱਕਿਆ ਗਿਆ ਹੈ। ਹੈਲਥ ਕੈਨੇਡਾ ਨੇ ਦੱਸਿਆ ਕਿ ਐਮਏਆਰ ਐਮਲੋਡਾਇਪਾਈਨ 5 ਐਮਜੀ ਗੋਲੀਆਂ ਦੇ ਦੋ ਲੌਟਸ ਨੂੰ ਵਾਪਿਸ ਮੰਗਵਾਇਆ ਗਿਆ ਹੈ। ਇਹ ਦਵਾਈ ਆਮ ਤੌਰ ’ਤੇ ਹਾਈ ਬਲੱਡ ਪ੍ਰੈਸ਼ਰ ਅਤੇ ਛਾਤੀ ਦਰਦ ਦੇ ਇਲਾਜ ਲਈ ਵਰਤੀ ਜਾਂਦੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਨਿਰਮਾਤਾ ਮਾਰਕਨ ਫਾਰਮਾਸਿਊਟੀਕਲਜ਼ ਇਨਕਾਰਪੋਰੇਸ਼ਨ ਵੱਲੋਂ ਕੁਝ ਸ਼ੀਸ਼ੀਆਂ ਵਿੱਚ ਗਲਤੀ ਨਾਲ ਲੋਅ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਪਾ ਦਿੱਤੀ ਗਈ। ਹੈਲਥ ਕੈਨੇਡਾ ਅਨੁਸਾਰ ਦੋਹਾਂ ਦਵਾਈਆਂ ਵਿੱਚ ਅੰਤਰ ਕਰਨਾ ਸੰਭਵ ਹੈ। ਸਹੀ ਐਮਏਆਰ ਐਮਲੋਡਾਇਪਾਈਨ ਟੇਬਲੈਟਸ ਅੱਠ ਸਾਈਡਾਂ ਵਾਲੀਆਂ, ਚਿੱਟੇ ਤੋਂ ਹਲਕੇ ਕ੍ਰੀਮ ਰੰਗ ਦੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਉੱਤੇ “210” ਅਤੇ “5” ਪ੍ਰਿੰਟ ਹੁੰਦਾ ਹੈ। ਜਦਕਿ ਗਲਤੀ ਨਾਲ ਪਾਈ ਗਈ ਮਾਈਡੋਡਰਾਈਨ 2.5 ਐਮਜੀ ਗੋਲੀਆਂ ਗੋਲ ਆਕਾਰ ਦੀਆਂ ਹਨ ਅਤੇ ਉਨ੍ਹਾਂ ਉੱਤੇ “M2” ਲਿਖਿਆ ਹੁੰਦਾ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉਲਟੀ ਦਵਾਈ ਲੈਣ ਨਾਲ ਬਲੱਡ ਪ੍ਰੈਸ਼ਰ ਵਿੱਚ ਗੰਭੀਰ ਉਤਾਰ-ਚੜ੍ਹਾਅ ਆ ਸਕਦੇ ਹਨ, ਬੇਹੋਸ਼ੀ, ਚੱਕਰ ਜਾਂ ਆਰਗਨ ਨੂੰ ਨੁਕਸਾਨ ਵੀ ਹੋ ਸਕਦਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਲੱਛਣ ਆਉਣ ’ਤੇ ਤੁਰੰਤ ਹੈਲਥ ਕੇਅਰ ਪ੍ਰੋਫੈਸ਼ਨਲ ਨਾਲ ਸੰਪਰਕ ਕੀਤਾ ਜਾਵੇ ਜਾਂ ਐਮਰਜੈਂਸੀ ਵਿੱਚ 911 ’ਤੇ ਕਾਲ ਕੀਤੀ ਜਾਵੇ। ਇਸ ਤੋਂ ਇਲਾਵਾ ਛਾਤੀ ਦਰਦ, ਅਚਾਨਕ ਤੇਜ਼ ਸਿਰਦਰਦ, ਬੋਲਣ ਵਿੱਚ ਦਿੱਕਤ ਜਾਂ ਸ਼ਰੀਰ ਦੇ ਕਿਸੇ ਹਿੱਸੇ ਨੂੰ ਹਿਲਾਉਣ ਵਿੱਚ ਸਮੱਸਿਆ ਆਉਣ ਦੀ ਸੂਰਤ ਵਿੱਚ ਵੀ ਫੌਰੀ ਤੌਰ ’ਤੇ ਮੈਡੀਕਲ ਮਦਦ ਲੈਣ ਦੀ ਸਲਾਹ ਦਿੱਤੀ ਗਈ ਹੈ।
Leave a Reply