ਲੁਟੇਰਾ ਪਕੜਿਆ ਗਿਆ, ਮੋਟਰਸਾਈਕਲ ਅਤੇ ਮੋਬਾਈਲ ਰਿਕਵਰ

ਲੁਟੇਰਾ ਪਕੜਿਆ ਗਿਆ, ਮੋਟਰਸਾਈਕਲ ਅਤੇ ਮੋਬਾਈਲ ਰਿਕਵਰ

ਆਂਗਣਵਾੜੀ ਆਗੂ ’ਤੇ ਹਮਲਾ ਕਰਕੇ ਨਕਦੀ ਤੇ ਸੋਨਾ ਲੁੱਟਣ ਦੀ ਵਾਰਦਾਤ ਵੀ ਸੁਲਝਾਈ ਸ਼ਹਿਣਾ ਪੁਲੀਸ ਨੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਸ਼ਾਤਰ ਅਪਰਾਧੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀ.ਐਸ.ਪੀ. ਗੁਰਪ੍ਰੀਤ ਸਿੰਘ ਅਤੇ ਐਸ.ਐਚ.ਓ. ਰੇਨੂ ਪਰੋਚਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਨੈਣੇਵਾਲ ਰੋਡ ਤੋਂ ਹਰਮਨ ਸਿੰਘ ਉਰਫ਼ ਲਾਲੂ (ਵਾਸੀ ਮੱਝੂਕੇ) ਨੂੰ ਕਾਬੂ ਕੀਤਾ। ਪੁੱਛਗਿੱਛ ਅਤੇ ਰਿਮਾਂਡ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ 6 ਮੋਟਰਸਾਈਕਲ ਅਤੇ 3 ਮੋਬਾਈਲ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਇਹ ਮੁਲਜ਼ਮ ਬਹੁਤ ਹੀ ਚਲਾਕ ਹੈ ਅਤੇ ਇਸ ਵਿਰੁੱਧ ਬਠਿੰਡਾ, ਬਰਨਾਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਚੋਰੀ ਦੇ ਕਈ ਮੁਕੱਦਮੇ ਦਰਜ ਹਨ। ਇਸ ਗ੍ਰਿਫਤਾਰੀ ਨਾਲ ਪੁਲੀਸ ਨੇ ਕੁਝ ਦਿਨ ਪਹਿਲਾਂ ਆਂਗਣਵਾੜੀ ਆਗੂ ਮੈਡਮ ਰੁਪਿੰਦਰ ਬਾਵਾ ’ਤੇ ਹੋਏ ਜਾਨਲੇਵਾ ਹਮਲੇ ਅਤੇ ਲੁੱਟ ਦੀ ਗੁੱਥੀ ਵੀ ਸੁਲਝਾ ਲਈ ਹੈ। ਮੁਲਜ਼ਮ ਨੇ ਕਬੂਲਿਆ ਕਿ ਉਸਨੇ ਰੁਪਿੰਦਰ ਬਾਵਾ ਦਾ ਪਰਸ ਖੋਹਿਆ ਸੀ, ਜਿਸ ਵਿੱਚ 55 ਹਜ਼ਾਰ ਰੁਪਏ ਨਕਦੀ ਅਤੇ ਦੋ ਸੋਨੇ ਦੀਆਂ ਮੁੰਦਰੀਆਂ ਸਨ। ਇਸ ਦੌਰਾਨ ਰੁਪਿੰਦਰ ਬਾਵਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਪੁਲੀਸ ਪਾਰਟੀ ਵਿੱਚ ਏ.ਐਸ.ਆਈ. ਕਰਮਜੀਤ ਸਿੰਘ, ਮਲਕੀਤ ਸਿੰਘ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ, ਜੋ ਹੁਣ ਮੁਲਜ਼ਮ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਨ ਤਾਂ ਜੋ ਹੋਰ ਵਾਰਦਾਤਾਂ ਦਾ ਖੁਲਾਸਾ ਹੋ ਸਕੇ।