ਫੈਡਰਲ ਆਫਿਸ ਬਿਲਡਿੰਗਾਂ ਦੀ ਹਾਲਤ ‘ਤਰਸਯੋਗ’, ਪੀਐਸਏਸੀ ਪ੍ਰਧਾਨ ਦਾ ਦਾਅਵਾ

ਫੈਡਰਲ ਆਫਿਸ ਬਿਲਡਿੰਗਾਂ ਦੀ ਹਾਲਤ ‘ਤਰਸਯੋਗ’, ਪੀਐਸਏਸੀ ਪ੍ਰਧਾਨ ਦਾ ਦਾਅਵਾ

ਕੈਨੇਡਾ ਵਿੱਚ ਫੈਡਰਲ ਆਫਿਸ ਬਿਲਡਿੰਗਾਂ ਦੀ ਹਾਲਤ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ (ਪੀਐਸਏਸੀ) ਦੀ ਪ੍ਰੈਜ਼ੀਡੈਂਟ ਸ਼ੈਰਨ ਡਿਸੂਜ਼ਾ ਨੇ ਫੈਡਰਲ ਦਫ਼ਤਰਾਂ ਦੀਆਂ ਅੰਦਰੂਨੀ ਹਾਲਤਾਂ ਨੂੰ ਬਹੁਤ ਮਾੜਾ ਕਰਾਰ ਦਿੱਤਾ ਹੈ ਅਤੇ ਕਰਮਚਾਰੀਆਂ ਦੀ ਸਿਹਤ ਤੇ ਸੁਰੱਖਿਆ ‘ਤੇ ਚਿੰਤਾ ਜਤਾਈ ਹੈ। ਡਿਸੂਜ਼ਾ ਨੇ ਕਿਹਾ ਕਿ ਕਈ ਫੈਡਰਲ ਇਮਾਰਤਾਂ ਵਿੱਚ ਖਟਮਲ, ਕੀੜੇ-ਮਕੌੜੇ, ਚੂਹੇ ਅਤੇ ਚਮਗਾਦੜਾਂ ਤੱਕ ਦੀ ਸਮੱਸਿਆ ਦਰਜ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਅਜਿਹੇ ਹਾਲਾਤਾਂ ਵਿੱਚ ਕਰਮਚਾਰੀਆਂ ਨੂੰ ਵਧੇਰੇ ਦਿਨਾਂ ਲਈ ਦਫ਼ਤਰ ਆਉਣ ਲਈ ਮਜਬੂਰ ਕਰਨਾ ਉਚਿਤ ਨਹੀਂ। ਜਿਕਰਯੋਗ ਹੈ ਕਿ ਹਾਲ ਹੀ ਵਿੱਚ ਜਾਰੀ ਨਿਰਦੇਸ਼ਾਂ ਅਨੁਸਾਰ 4 ਮਈ ਤੋਂ ਐਗਜ਼ੈਕਟਿਵ ਵਰਗ ਨੂੰ ਹਫਤੇ ਦੇ ਪੰਜ ਦਿਨ ਆਨਸਾਈਟ ਕੰਮ ਕਰਨਾ ਹੋਵੇਗਾ, ਜਦਕਿ 6 ਜੁਲਾਈ ਤੋਂ ਸਾਰੇ ਫੈਡਰਲ ਕਰਮਚਾਰੀਆਂ ਲਈ ਹਫਤੇ ਦੇ ਚਾਰ ਦਿਨ ਦਫ਼ਤਰ ਹਾਜ਼ਰੀ ਲਾਜ਼ਮੀ ਕੀਤੀ ਗਈ ਹੈ। ਪੀਐਸਏਸੀ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਪਬਲਿਕ ਸਰਵੈਂਟਸ ਨੂੰ “ਕੋਈ ਸਾਹ ਨਹੀਂ ਆਵੇਗਾ” ਕਿਉਂਕਿ ਬਿਲਡਿੰਗਾਂ ਦੇ ਹਾਲਾਤ ਪਹਿਲਾਂ ਹੀ ਚਿੰਤਾਜਨਕ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਅਧੀਨ ਹਜ਼ਾਰ ਦੇ ਕਰੀਬ ਇਮਾਰਤਾਂ ਵਿੱਚ ਕਰਮਚਾਰੀ ਕੰਮ ਕਰ ਰਹੇ ਹਨ ਅਤੇ ਕਈ ਥਾਵਾਂ ‘ਤੇ ਮੁਰੰਮਤ ਅਤੇ ਸਫ਼ਾਈ ਦੀ ਘਾਟ ਹੈ। ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਧਿਰਾਂ ਵੱਲੋਂ ਆਵਾਜ਼ ਉੱਠ ਰਹੀ ਹੈ ਕਿ ਸਰਕਾਰ ਨੂੰ ਆਪਣੇ “ਬੈਕ ਟੂ ਆਫਿਸ” ਪਲਾਨ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਕਰਮਚਾਰੀਆਂ ਲਈ ਸੁਰੱਖਿਅਤ ਅਤੇ ਸਿਹਤਮੰਦ ਕਾਰਜ-ਵਾਤਾਵਰਣ ਯਕੀਨੀ ਬਣਾਇਆ ਜਾ ਸਕੇ।