ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਜ਼ਿਲ੍ਹਾ ਪੱਧਰੀ ਲਗਾਏ ਧਰਨੇ ਵਿੱਚ ਪੈਨਸ਼ਨਰ ਨੇ ਕੀਤੀ ਸ਼ਮੂਲੀਅਤ

ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਜ਼ਿਲ੍ਹਾ ਪੱਧਰੀ ਲਗਾਏ ਧਰਨੇ ਵਿੱਚ ਪੈਨਸ਼ਨਰ ਨੇ ਕੀਤੀ ਸ਼ਮੂਲੀਅਤ

*ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਜ਼ਿਲ੍ਹਾ ਕੇਂਦਰਾਂ ਤੇ ਦੇਸ਼ ਭਰ ਵਿੱਚ ਲਗਾਏ ਧਰਨੇ (ਅਸ਼ੋਕ ਸ਼ਰਮਾ)ਕੇਂਦਰ ਦੀ ਮੋਦੀ ਸਰਕਾਰ ਅਤੇ ਦੇਸ਼ ਭਰ ਦੀਆਂ ਰਾਜ ਸਰਕਾਰਾਂ ਦੀਆਂ ਆਮ ਲੋਕਾਂ, ਕਿਸਾਨਾਂ,ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ਕੌਮੀ ਪੱਧਰ ਤੇ ਬਣੇ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ,ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਬਣੇ ਸਾਂਝੇ ਮੋਰਚੇ ਵੱਲੋਂ 16 ਜਨਵਰੀ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ ਕੇਂਦਰਾਂ ਤੇ ਵਿਸ਼ਾਲ ਧਰਨੇ ਲਗਾ ਕੇ ਰੋਹ ਭਰਪੂਰ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਸੱਦੇ ਸੱਦੇ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਦੇ ਬਾਹਰ ਲਗਾਏ ਗਏ ਧਰਨੇ ਵਿੱਚ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਜੁਝਾਰੂ ਪੈਨਸ਼ਨਰ ਸਾਥੀ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਅਗਵਾਈ ਵਿੱਚ ਸ਼ਾਮਲ ਹੋਏ। ਐਸੋਸੀਏਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਮੰਗਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਹਰ ਫੈਸਲਾ ਆਪਣੇ ਚਹੇਤੇ ਕਾਰਪੋਰੇਟ ਮਿੱਤਰਾਂ ਨੂੰ ਬੇਸ਼ਕੀਮਤੀ ਲਾਭ ਦੇਣ ਅਤੇ ਆਮ ਲੋਕਾਂ ਅਤੇ ਸਮੂਹ ਕਿਰਤੀ ਵਰਗ ਦਾ ਖੂਨ ਨਚੋੜਨ ਲਈ ਹੀ ਲਿਆ ਜਾ ਰਿਹਾ ਹੈ। ਮਜ਼ਦੂਰਾਂ ਪੱਖੀ 44 ਕਿਰਤ ਕਾਨੂੰਨਾਂ ਵਿਰੁੱਧ ਸੋਧਾਂ ਕਰਕੇ ਚਾਰ ਕਿਰਤ ਕੋਡਾਂ ਵਿੱਚ ਬਦਲ ਕੇ ਮਜ਼ਦੂਰਾਂ ਨੂੰ 1886 ਤੋਂ ਪਹਿਲਾਂ ਵਾਲੇ ਹਲਾਤਾਂ ਵਿੱਚ ਬੰਧੂਆ ਮਜ਼ਦੂਰਾਂ ਬਣਾਉਣ ਵੱਲ ਧੱਕਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਮਗਨਰੇਗਾ ਵਿੱਚ ਜੀ ਰਾਮ ਜੀ ਅਧੀਨ ਸੋਧਾਂ ਕਰਕੇ ਮਜ਼ਦੂਰਾਂ ਨੂੰ 100 ਦਿਨ ਕੰਮ ਮਿਲਣ ਦੀ ਗ੍ਰਾਂਟੀ ਦਾ ਪੂਰੀ ਤਰ੍ਹਾਂ ਭੋਗ ਪਾਏ ਦਿੱਤਾ ਗਿਆ ਹੈ।ਕਹਿਣ ਨੂੰ ਭਾਵੇਂ ਕਹਿ ਦਿੱਤਾ ਹੈ ਕਿ ਕੰਮ ਦੇ ਦਿਨ 100 ਤੋਂ ਵਧਾ ਕੇ 125 ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੀ ਬਿਜਲੀ ਸੋਧ ਬਿੱਲ 2025,ਬੀਜ ਸੋਧ ਬਿੱਲ, ਨਵੀਂ ਸਿੱਖਿਆ ਨੀਤੀ 2020 ਰੱਦ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਵਾਉਣ,ਜੀ ਰਾਮ ਜੀ ਨੂੰ ਰੱਦ ਕਰਵਾਉਣ, ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਵਾਉਣ, ਅੱਠਵਾਂ ਪੇ ਕਮਿਸ਼ਨ ਸਮੂਹ ਪੈਨਸ਼ਨਰਾਂ ਤੇ ਲਾਗੂ ਕਰਵਾਉਣ, ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ 2.59 ਦਾ ਗੁਣਾਂਕ ਲਾਗੂ ਕਰਨ,ਸੱਠ ਸਾਲ ਦੇ ਹਰ ਨਾਗਰਿਕ ਲਈ ਗੁਜ਼ਾਰੇ ਯੋਗ ਪੈਂਨਸ਼ਨ ਲਾਗੂ ਕਰਨ ਆਦਿ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਦੇ ਵਿਰੁੱਧ ਪੂਰੇ ਦੇਸ਼ ਭਰ ਵਿੱਚ ਜ਼ਿਲ੍ਹਾ ਕੇਂਦਰਾਂ ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਗੁੱਸੇ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅੱਜ ਦੇ ਧਰਨੇ ਵਿੱਚ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਵਲੋਂ, ਸਰਪ੍ਰਸਤ ਕਰਨੈਲ ਸਿੰਘ ਸੰਧੂ,ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਬਲਵਿੰਦਰ ਕੁਮਾਰ ਪ੍ਰਧਾਨ ਐਸੋਸੀਏਸ਼ਨ ਫਿਲੌਰ,ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਜੁਆਇੰਟ ਸਕੱਤਰ ਸਤਪਾਲ ਸਿੰਘ ਖੱਟਕੜ,ਜਥੇਬੰਦਕ ਸਕੱਤਰ ਨਿਰਮੋਲਕ ਸਿੰਘ ਹੀਰਾ, ਜਸਵਿੰਦਰ ਸਿੰਘ ਫ਼ਗਵਾੜਾ,ਰਤਨ ਸਿੰਘ ਗੁਰਾਇਆ, ਗੁਰਦੀਪ ਸਿੰਘ ਆਦਿ ਸਾਥੀ ਸ਼ਾਮਲ ਹੋਏ।