ਮੁਬਾਰਕਪੁਰ ਦੇ ਲੁੱਕ ਪਲਾਂਟ ’ਚ ਬੁਆਇਲਰ ਫਟਣ ਨਾਲ ਭਿਆਨਕ ਅੱਗ, ਮਚੀ ਹਫੜਾ-ਦਫੜੀ

ਮੁਬਾਰਕਪੁਰ ਦੇ ਲੁੱਕ ਪਲਾਂਟ ’ਚ ਬੁਆਇਲਰ ਫਟਣ ਨਾਲ ਭਿਆਨਕ ਅੱਗ, ਮਚੀ ਹਫੜਾ-ਦਫੜੀ

ਮੁਬਾਰਕਪੁਰ ਸਥਿਤ ਐੱਨ.ਐੱਚ. ਲੁੱਕ ਪਲਾਂਟ ਵਿੱਚ ਐਤਵਾਰ ਦੁਪਹਿਰ ਅਚਾਨਕ ਬੁਆਇਲਰ ਫਟਣ ਕਾਰਨ ਭਿਆਨਕ ਅੱਗ ਲੱਗ ਗਈ। ਘਟਨਾ ਸਮੇਂ ਪਲਾਂਟ ਵਿੱਚ ਕਰੀਬ 40 ਮਜ਼ਦੂਰ ਕੰਮ ਕਰ ਰਹੇ ਸਨ। ਧਮਾਕੇ ਦੀ ਆਵਾਜ਼ ਨਾਲ ਪਲਾਂਟ ਵਿੱਚ ਹਫੜਾ-ਦਫੜੀ ਮਚ ਗਈ ਅਤੇ ਮਜ਼ਦੂਰ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਦੌੜੇ। ਜਾਣਕਾਰੀ ਮੁਤਾਬਕ ਪਲਾਂਟ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਦੁਪਹਿਰ ਵੇਲੇ ਬੁਆਇਲਰ ਵਿੱਚ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਤੋਂ ਤੁਰੰਤ ਬਾਅਦ ਅੱਗ ਭੜਕ ਉੱਠੀ ਅਤੇ ਕੁਝ ਹੀ ਸਮੇਂ ਵਿੱਚ ਇਸ ਨੇ ਪਲਾਂਟ ਦੇ ਇੱਕ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਧਮਾਕੇ ਦੀ ਤੇਜ਼ ਆਵਾਜ਼ ਸੁਣ ਕੇ ਮੌਕੇ ’ਤੇ ਮੌਜੂਦ ਮਜ਼ਦੂਰਾਂ ਵਿੱਚ ਦਹਿਸ਼ਤ ਫੈਲ ਗਈ। ਸਥਿਤੀ ਨੂੰ ਦੇਖਦਿਆਂ ਮਜ਼ਦੂਰ ਤੁਰੰਤ ਉੱਥੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਂ ਵੱਲ ਚਲੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਫਾਇਰ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਕਾਫ਼ੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਮਜ਼ਦੂਰ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਫਿਲਹਾਲ ਬੁਆਇਲਰ ਫਟਣ ਕਾਰਨ ਅੱਗ ਲੱਗਣ ਦੀ ਘਟਨਾ ਨਾਲ ਪਲਾਂਟ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।