Daily Suraj

ਪੰਜਾਬੀ

ਛਾਤੀ ਵਿੱਚ ਦਰਦ ਮਗਰੋਂ ਕਪਿਲ ਦੇਵ ਦੀ ਐਂਜੀਓਪਲਾਸਟੀ

23 Oct, 2020 05:30 AM

ਨਵੀਂ ਦਿੱਲੀ, 23 ਅਕਤੂਬਰ (ਜੀ.ਐਨ.ਐਸ.ਏਜੰਸੀ)ਭਾਰਤ ਨੂੰ ਕ੍ਰਿਕਟ ਵਿੱਚ ਪਲੇਠਾ ਵਿਸ਼ਵ ਕੱਪ ਜਿਤਾਉਣ ਵਾਲੀ ਟੀਮ ਦੇ ਕਪਤਾਨ ਕਪਿਲ ਦੇਵ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਮਗਰੋਂ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਸਾਬਕਾ ਕਪਤਾਨ ਦੀ ਐਂਜੀਓਪਲਾਸਟੀ ਕੀਤੀ ਗਈ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਕਪਿਲ ਦੇਵ ਨੂੰ ਅਗਲੇ ਇਕ ਦੋ ਦਿਨਾਂ ਵਿੱਚ ਛੁੱਟੀ ਦੇ ਦਿੱਤੀ ਜਾਵੇਗੀ। ਸਾਬਕਾ ਕਪਤਾਨ ਨੇ ਵੀਰਵਾਰ ਨੂੰ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਮੌਜੂਦਾ ਸਮੇਂ ਉਹ ਡਾ.ਮਾਥੁਰ ਤੇ ਉਨ੍ਹਾਂ ਦੀ ਟੀਮ ਦੀ ਨਿਗਰਾਨੀ ਹੇਠ ਹਨ। ਭਾਰਤੀ ਕ੍ਰਿਕਟਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਮਲਹੋਤਰਾ ਨੇ ਕਿਹਾ ਕਿ ਉੱਘੇ ਕ੍ਰਿਕਟਰ ਦੀ ਹਾਲਤ ਸਥਿਰ ਹੈ। ਇਸ ਦੌਰਾਨ ਕ੍ਰਿਕਟ ਜਗਤ ਨਾਲ ਜੁੜੀਆਂ ਵੱਖ ਵੱਖ ਸ਼ਖ਼ਸੀਅਤਾਂ ਨੇ ਸੁਨੇਹੇ ਭੇਜ ਕੇ ਕਪਿਲ ਦੇਵ ਦੇ ਜਲਦੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ।

Posted By: Daily Suraj Bureau

Latest News