ਡੀਟੀਐੱਫ ਨੇ ਵਿੱਤ ਮੰਤਰੀ ਨੂੰ ਭੇਜਿਆ ਮੰਗ ਪੱਤਰ

ਡੀਟੀਐੱਫ ਨੇ ਵਿੱਤ ਮੰਤਰੀ ਨੂੰ ਭੇਜਿਆ ਮੰਗ ਪੱਤਰ

ਬਠਿੰਡਾ : ਅਧਿਆਪਕਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ 15 ਦਸੰਬਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਸੁਨਾਮ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀਟੀਆਈ, ਆਰਟ ਐਡ ਕਰਾਫਟ ਅਧਿਆਪਕਾਂ ਦੇ ਤਨਖਾਹ ਗਰੇਡ ਘਟਾਉਣ ਅਤੇ ਤਰੱਕੀਆਂ ਦੌਰਾਨ ਸਾਰੇ ਖਾਲੀ ਸਟੇਸ਼ਨਾਂ ਵਿਚ ਚੋਣ ਦਾ ਮੌਕਾ ਨਾ ਦੇਣ ਵਿਰੁੱਧ ਸਮੂਹਿਕ ਰੂਪ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਂ ਮੰਗ ਪੱਤਰ ਭੇਜੇ ਗਏ। ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ, ਗੁਰਮੇਲ ਸਿੰਘ ਮਲਕਾਣਾ, ਬੇਅੰਤ ਸਿੰਘ ਫ਼ੂਲੇਵਾਲਾ, ਹਰਜਿੰਦਰ ਸੇਮਾ ਅਤੇ ਬੂਟਾ ਸਿੰਘ ਰੋਮਾਣਾ, ਅਮ੍ਰਿਤਪਾਲ ਸਿੰਘ ਮਾਨ, ਮੋਹਨ ਸਿੰਘ ਮਲਕਾਣਾ, ਗੁਰਪਾਲ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ (ਡੀਐਸਸੀ ਸੈਕੰਡਰੀ) ਵੱਲੋਂ ਪੀਟੀਆਈ ਅਧਿਆਪਕ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ ਰਿਵਾਈਜ ਕਰਕੇ ਤਨਖਾਹ ਸਕੇਲ 4400 ਤੋਂ ਘਟਾ ਕੇ 3200 ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਅਧਿਆਪਕਾਂ ਤੋਂ ਰਿਕਵਰੀ ਕਰਨ ਸਬੰਧੀ ਵਿੱਤ ਵਿਭਾਗ ਦੇ ਹਵਾਲੇ ਰਾਹੀਂ ਮਾਰੂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪ੍ਰਾਇਮਰੀ ਤੋਂ ਮਾਸਟਰ ਕਾਰਡਰ, ਮਾਸਟਰ ਕਾਰਡ ਤੋਂ ਲੈਕਚਰਾਰ, ਪੀਟੀਆਈ ਤੋਂ ਡੀਪੀਈ, ਨਾਨ ਟੀਚਿੰਗ ਤੋਂ ਮਾਸਟਰ ਕਾਰਡ ਸਮੇਤ ਬਾਕੀ ਤਰੱਕੀਆਂ ਵਿਚ ਸਾਰੇ ਸਕੂਲਾਂ ਦੀਆਂ ਖਾਲੀ ਅਸਾਮੀਆਂ ਨਹੀ ਦਿਖਾਈਆਂ ਗਈਆਂ, ਜਿਸ ਕਾਰਨ ਸੈਂਕੜੇ ਅਧਿਆਪਕਾਂ ਨੂੰ ਤਰੱਕੀ ਤੋਂ ਵਾਂਝੇ ਕਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋ ਤਨਖਾਹ ਕਟੌਤੀ ਵਾਲਾ ਮਾਰੂ ਪੱਤਰ ਵਾਪਸ ਨਾ ਲਿਆ ਗਿਆ ਤੇ ਸਾਰੇ ਸ਼ਟੇਸ਼ਨ 14 ਦਸੰਬਰ ਤੱਕ ਨਾ ਖੋਲ੍ਹੇ ਗਏ ਤਾਂ 15 ਦਸੰਬਰ ਨੂੰ ਸਵੇਰੇ 11 ਵਜੇ ਉਨ੍ਹਾਂ ਦੀ ਜਥੇਬੰਦੀ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਸਬ ਕਮੇਟੀ ਦੇ ਮੈਂਬਰ ਅਮਨ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਦਾ ਸੂਬਾ ਪੱਧਰੀ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ ਬੱਲੂਆਣਾ, ਜਤਿੰਦਰ ਸ਼ਰਮਾ, ਗੁਰਮੇਲ ਗਿਆਨਾ, ਗੁਰਸੇਵਕ ਸਿੰਘ ਫੂਲ, ਗੋਬਿੰਦ ਸਿੰਘ, ਲਾਲ ਸਿੰਘ ਰੱਲਾ, ਬਲਵੀਰ ਸਿੰਘ ਮਲੂਕਾ, ਕੁਲਦੀਪ ਕੁਮਾਰ, ਵਿਜੇ ਕੁਮਾਰ, ਮਨਦੀਪ ਸਿੰਘ, ਕਸ਼ਮੀਰ ਸਿੰਘ ਡੀਪੀਈ, ਸੁਰੇਸ਼ ਕੁਮਾਰ, ਹਰਪ੍ਰੀਤ ਸ਼ਰਮਾ ਡੀਪੀਈ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।