ਮੱਧ ਪ੍ਰਦੇਸ਼ ਦੇ ਰਾਜਗੜ੍ਹ ’ਚ ਵੱਡਾ ਹਾਦਸਾ, ਤੇਜ਼ ਪਾਣੀ ਦੇ ਵਹਾਅ ’ਚ ਰੁੜ੍ਹੀ ਕਾਰ; 9 ਦੀ ਮੌਤ
- ਦੇਸ਼
- (Asia/Kolkata)
ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਪੜਾਨਾ ਨੇੜੇ ਝਿਰੀ ਨਾਲੇ ਵਿੱਚ ਤੇਜ਼ ਪਾਣੀ ਦੇ ਵਹਾਅ ਕਾਰਨ ਯਾਤਰੀਆਂ ਨਾਲ ਭਰੀ ਇੱਕ ਈਕੋ ਕਾਰ ਰੁੜ੍ਹ ਗਈ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ, ਭਾਰੀ ਮੀਂਹ ਕਾਰਨ ਨਾਲੇ ਦਾ ਪਾਣੀ ਪੁਲ ਦੇ ਉੱਪਰੋਂ ਵਹਿ ਰਿਹਾ ਸੀ। ਇਸ ਦੌਰਾਨ ਡਰਾਈਵਰ ਨੂੰ ਅਧੂਰਾ ਪੁਲ ਸਪਸ਼ਟ ਤੌਰ ’ਤੇ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਵੈਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈ। ਕਾਰ ਵਿੱਚ ਦੇਵਾਸ ਜ਼ਿਲ੍ਹੇ ਦੇ ਸਤਵਾਸ ਇਲਾਕੇ ਦੇ ਕੁੱਲ 11 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਅਤੇ ਚੀਕ-ਚਿਹਾੜਾ ਪੈ ਗਿਆ। ਸੂਚਨਾ ਮਿਲਣ ’ਤੇ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ। ਹੁਣ ਤੱਕ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 2 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਦੇਵਾਸ ਜ਼ਿਲ੍ਹੇ ਦੇ ਸਤਵਾਸ ਤੋਂ ਸਾਰੰਗਪੁਰ ਦੇ ਕੜਲਾਵਦ ਵੱਲ ਜਾ ਰਿਹਾ ਸੀ। ਦੇਵਾਸ ਤੋਂ ਆ ਰਹੀ ਕਾਰ ਨਵੇਂ ਬਣੇ ਬਾਏਪਾਸ ਰਾਹੀਂ ਅੱਗੇ ਵਧ ਰਹੀ ਸੀ। ਇਸ ਦੌਰਾਨ ਪੁਲ ’ਤੇ ਬਾਰਿਸ਼ ਦਾ ਪਾਣੀ ਕਾਫ਼ੀ ਜ਼ਿਆਦਾ ਇਕੱਠਾ ਹੋ ਗਿਆ ਸੀ। ਦੱਸਿਆ ਗਿਆ ਹੈ ਕਿ ਡਰਾਈਵਰ ਬਾਹਰੀ ਹੋਣ ਕਾਰਨ ਪਾਣੀ ਦੇ ਪੱਧਰ ਅਤੇ ਪੁਲ ਦੀ ਅਸਲ ਸਥਿਤੀ ਦਾ ਅੰਦਾਜ਼ਾ ਨਹੀਂ ਲਗਾ ਸਕਿਆ। ਸਥਾਨਕ ਲੋਕਾਂ ਨੇ ਡਰਾਈਵਰ ਨੂੰ ਅੱਗੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਦੇ ਬਾਵਜੂਦ ਡਰਾਈਵਰ ਨੇ ਖ਼ਤਰਾ ਲੈਂਦਿਆਂ ਕਾਰ ਨੂੰ ਅੱਗੇ ਵਧਾ ਦਿੱਤਾ। ਤੇਜ਼ ਪਾਣੀ ਦੇ ਵਹਾਅ ਕਾਰਨ ਕਾਰ ਅਸੰਤੁਲਿਤ ਹੋ ਗਈ ਅਤੇ ਨਾਲੇ ਵਿੱਚ ਰੁੜ੍ਹ ਗਈ। ਸੂਚਨਾ ਮਿਲਦੇ ਹੀ SDRF ਦੀ ਟੀਮ ਮੌਕੇ ’ਤੇ ਪਹੁੰਚ ਗਈ। ਰੈਸਕਿਊ ਬੋਟ ਅਤੇ ਰੱਸੀਆਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਗਿਆ। ਇਸ ਦੌਰਾਨ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਰਾਹਤ ਕੈਂਪਾਂ ਵਿੱਚ ਪ੍ਰਭਾਵਿਤ ਲੋਕਾਂ ਲਈ ਭੋਜਨ, ਪੀਣ ਵਾਲੇ ਪਾਣੀ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਰੀ ਮੀਂਹ ਦੌਰਾਨ ਨਦੀਆਂ ਅਤੇ ਨਾਲਿਆਂ ਦੇ ਨੇੜੇ ਜਾਣ ਤੋਂ ਬਚਣ ਅਤੇ ਸੁਰੱਖਿਅਤ ਉੱਚੀਆਂ ਥਾਵਾਂ ’ਤੇ ਰਹਿਣ।
Leave a Reply