ਪਸ਼ੂ ਪਾਲਕਾਂ ਨੇ ਮੱਕੀ ਦਾ ਅਚਾਰ ਬਣਾਉਣ ਵੱਲ ਰੁਝਾਨ ਵਧਾਇਆ

ਪਸ਼ੂ ਪਾਲਕਾਂ ਨੇ ਮੱਕੀ ਦਾ ਅਚਾਰ ਬਣਾਉਣ ਵੱਲ ਰੁਝਾਨ ਵਧਾਇਆ

ਬਠਿੰਡਾ : ਕਿਸਾਨਾਂ ਵੱਲੋਂ ਕਣਕ ਦੀ ਕਟਾਈ ਕੰਬਾਈਨਾਂ ਨਾਲ ਕਰਵਾਉਣ ਨਾਲ ਭਾਵੇਂ ਕਣਕ ਦੀ ਕਟਾਈ ਦਾ ਕੰਮ ਜਲਦੀ ਖ਼ਤਮ ਹੋ ਜਾਂਦਾ ਹੈ ਪ੍ਰੰਤੂ ਤੂੜੀ ਦੀ ਘਾਟ ਵਧਦੀ ਜਾਂਦੀ ਹੈ, ਜਿਸ ਕਾਰਨ ਤੂੜੀ ਦਾ ਭਾਅ ਕਾਫ਼ੀ ਵੱਧ ਜਾਂਦਾ ਹੈ, ਜਿਸ ਕਰਕੇ ਪਸ਼ੂ ਪਾਲਕਾਂ ਦਾ ਮੱਕੀ ਦਾ ਅਚਾਰ (ਸਾਈਲੇਜ) ਬਨਾਉਣ ਵੱਲ ਰੁਝਾਨ ਬਹੁਤ ਵੱਧ ਗਿਆ ਹੈ ਕਿਉਕਿ ਮੱਕੀ ਦਾ ਅਚਾਰ ਸੰਤੁਲਿਤ ਪਸ਼ੂ ਅਹਾਰ ਹੈ ਅਤੇ ਇਹ ਤੂੜੀ ਨਾਲੋਂ ਸਸਤਾ ਪੈਂਦਾ ਹੈ। ਮੱਕੀ ਦਾ ਅਚਾਰ ਬਨਾਉਣ ਸਬੰਧੀ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੰਦਿਆਂ ਡਾਕਟਰ ਬਿਮਲ ਸ਼ਰਮਾ ਪ੍ਰਿੰਸੀਪਲ ਕਮ ਜੁਆਇੰਟ ਡਾਇਰੈਕਟਰ ਵੈਟਰਨਰੀ ਪੋਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਨੇ ਦੱਸਿਆ ਕਿ ਮਹੀਨਾ ਮਈ, ਜੂਨ, ਸਤੰਬਰ, ਅਕਤੂਬਰ ਅਤੇ ਜਨਵਰੀ ਦੌਰਾਨ ਹਰੇ ਪੱਠਿਆਂ ਦੀ ਘਾਟ ਕਾਰਨ ਪਸ਼ੂਆਂ ਨੂੰ ਮੱਕੀ ਦਾ ਅਚਾਰ ਰਾਮਬਾਨ ਵਾਂਗ ਕੰਮ ਕਰਦਾ ਹੈ, ਇਸ ਲਈ ਮੱਕੀ ਦੀ ਫਸਲ ਬੀਜ ਕੇ ਵਧੀਆ ਅਚਾਰ ਪਾਇਆ ਜਾ ਸਕਦਾ ਹੈ ਜੋ ਕਿ ਦੁੱਧਾਰੂ ਪਸ਼ੂਆਂ ਲਈ ਬਹੁਤ ਲਾਭਦਾਇਕ ਹੁੰਦਾ ਹੈ ਅਤੇ ਪਸ਼ੂਆਂ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਪਾਚਨ ਸ਼ਕਤੀ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰੇ ਚਾਰੇ ਦਾ ਅਚਾਰ ਜੇਕਰ ਜਾਨਵਰਾਂ ਨੂੰ ਸ਼ਹੀ ਮਾਤਰਾ ਵਿਚ ਪਾਇਆ ਜਾਵੇ ਤਾਂ ਪਸ਼ੂ-ਪਾਲਕ ਡੇਅਰੀ ਪਾਲਣ ਧੰਦੇ ਤੋਂ ਵਧੇਰੇ ਮੁਨਾਫਾ ਕਮਾ ਸਕਦੇ ਹਨ। ਡਾ. ਸ਼ਰਮਾ ਨੇ ਟੋਆ ਪੁੱਟ ਕੇ ਹਰੇ ਚਾਰੇ ਦਾ ਅਚਾਰ ਪਾਉਣ ਦੀ ਵਿਧੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ 50X18X6 ਫੁੱਟ ਦਾ ਟੋਆ 8 ਕਿਲਿਆਂ ਦੀ ਮੱਕੀ ਲਈ ਲੌੜੀਂਦਾ ਹੁੰਦਾ ਹੈ ਜਾ ਫਿਰ ਇਕ ਮੀਟਰ ਲੰਮਾ, ਇਕ ਮੀਟਰ ਚੌੜਾ ਅਤੇ ਇਕ ਮੀਟਰ ਡੂੰਘਾ ਟੋਇਆ ਛੇ ਕਵਿੰਟਲ ਮੱਕੀ ਲਈ ਕਾਫੀ ਹੁੰਦਾ ਹੈ ਅਤੇ ਇਸ ਦੀ ਉਸਾਰੀ ਉੱਚੀ ਜਗ੍ਹਾ ’ਤੇ ਕੀਤੀ ਜਾਣੀ ਚਾਹੀਦੀ ਹੈ ਅਤੇ ਹਰੇ ਚਾਰੇ ਨੂੰ 1-3 ਸੈਂਟੀਮੀਟਰ ਕੁੱਤਰ ਕੇ ਟਰੈਕਟਰ ਜਾਂ ਲੈਬਰ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦੇਣਾ ਚਾਹੀਦਾ ਹੈ ਤਾਂ ਕਿ ਹਵਾ ਜਾਂ ਪਾਣੀ ਨਾ ਲੱਗ ਸਕੇ ਕਿਉਂਕਿ ਹਵਾ ਜਾਂ ਪਾਣੀ ਲੱਗਣ ਨਾਲ ਅਚਾਰ ਨੂੰ ਊੱਲੀ ਲੱਗਣ ਦਾ ਡਰ ਰਹਿੰਦਾ ਹੈ ਜੋ ਕਿ ਪਸ਼ੂਆਂ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਦੇਹ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਕਾਰਣ ਪਸ਼ੂਆਂ ਨੂੰ ਥਣਾ ਦੀ ਬਿਮਾਰੀ ਅਤੇ ਅਫਾਰਾ ਹੋਣ ਦਾ ਡਰ ਰਹਿੰਦਾ ਹੈ। ਮੱਕੀ ਦਾ ਅਚਾਰ ਆਮ ਤੌਰ ’ਤੇ 45 ਦਿਨਾਂ ਵਿਚ ਤਿਆਰ ਹੋ ਜਾਂਦਾ ਹੈ। ਡਾ. ਸ਼ਰਮਾ ਨੇ ਕਿਹਾ ਕਿ ਤੂੜੀ ਦੇ ਵਧਦੇ ਭਾਅ ਕਾਰਨ ਪਸ਼ੂ ਪਾਲਕਾਂ ਨੂੰ ਮੱਕੀ ਦਾ ਅਚਾਰ ਬਨਾਉਣਾ ਚਾਹੀਦਾ ਹੈ, ਜਿਸ ਨਾਲ ਪਸ਼ੂ ਦੁੱਧ ਵੱਧ ਦਿੰਦੇ ਹਨ ਅਤੇ ਇਸ ਤਰ੍ਹਾਂ ਪਸ਼ੂ ਪਾਲਕਾਂ ਦਾ ਆਰਥਿਕ ਪੱਧਰ ਉਪਰ ਚੁੱਕਣ ਵਿਚ ਵੀ ਮਦਦ ਮਿਲੇਗੀ।