ਨਕਲੀ ਖਾਣੇ ਵਾਲੇ ਤੇਲ ਤੋਂ ਸਾਵਧਾਨ! ਜਾਣੋ ਅਸਲੀ ਤੇ ਨਕਲੀ ਦੀ ਪਛਾਣ

ਨਕਲੀ ਖਾਣੇ ਵਾਲੇ ਤੇਲ ਤੋਂ ਸਾਵਧਾਨ! ਜਾਣੋ ਅਸਲੀ ਤੇ ਨਕਲੀ ਦੀ ਪਛਾਣ

ਖਾਣਾ ਬਣਾਉਣ ਲਈ ਵਰਤਿਆ ਜਾਣ ਵਾਲਾ ਤੇਲ ਹਰ ਘਰ ਦੀ ਬੁਨਿਆਦੀ ਲੋੜ ਹੈ, ਪਰ ਅੱਜਕੱਲ੍ਹ ਬਾਜ਼ਾਰ ਵਿੱਚ ਨਕਲੀ ਅਤੇ ਮਿਲਾਵਟੀ ਸਮਾਨ ਦੀ ਵੱਧ ਰਹੀ ਭਰਮਾਰ ਕਾਰਨ ਲੋਕਾਂ ਲਈ ਅਸਲੀ ਅਤੇ ਨਕਲੀ ਤੇਲ ਵਿੱਚ ਫ਼ਰਕ ਕਰਨਾ ਮੁਸ਼ਕਿਲ ਬਣ ਗਿਆ ਹੈ। ਇਸਦੇ ਨਾਲ ਹੀ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਵੀ ਉਪਭੋਗਤਾਵਾਂ ਦੀ ਚਿੰਤਾ ਵਧਾ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਉੱਚੀਆਂ ਕੀਮਤਾਂ ਦੇ ਕਾਰਨ ਬਾਜ਼ਾਰ ਵਿੱਚ ਘਟੀਆ ਗੁਣਵੱਤਾ ਵਾਲਾ ਜਾਂ ਮਿਲਾਵਟੀ ਤੇਲ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ। ਇਸ ਲਈ ਸਿਹਤ ਦੀ ਸੁਰੱਖਿਆ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਖਾਣੇ ਵਾਲੇ ਤੇਲ ਦੀ ਅਸਲਿਯਤ ਕਿਵੇਂ ਪਛਾਣੀ ਜਾਵੇ। ਮਾਹਿਰਾਂ ਮੁਤਾਬਕ, ਖਾਣਾ ਪਕਾਉਣ ਵਾਲੇ ਤੇਲ ਵਿੱਚ ਮੁੱਖ ਤੌਰ ‘ਤੇ ਟ੍ਰਾਈਗਲਿਸਰਾਈਡ ਹੁੰਦੇ ਹਨ, ਜੋ ਪੌਦਿਆਂ ਦੇ ਸਰੋਤਾਂ ਜਿਵੇਂ ਸਬਜ਼ੀਆਂ ਅਤੇ ਬੀਜਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਇਸ ਤੇਲ ਨੂੰ ਖਾਣਯੋਗ ਬਣਾਉਣ ਲਈ ਇਸਦੀ ਰਿਫਾਇਨਿੰਗ ਪ੍ਰਕਿਰਿਆ ਦੌਰਾਨ ਅਸ਼ੁੱਧੀਆਂ ਅਤੇ ਗੰਧ ਦੂਰ ਕੀਤੀਆਂ ਜਾਂਦੀਆਂ ਹਨ। ਅਸਲੀ ਅਤੇ ਨਕਲੀ ਤੇਲ ਦੀ ਪਛਾਣ ਕਿਵੇਂ ਕਰੀਏ? ਰੰਗ ਨਾਲ ਪਛਾਣ: ਅਸਲੀ ਖਾਣੇ ਵਾਲਾ ਤੇਲ ਆਮ ਤੌਰ ‘ਤੇ ਹਲਕੇ ਪੀਲੇ ਜਾਂ ਸੁਨਹਿਰੇ ਰੰਗ ਦਾ ਹੁੰਦਾ ਹੈ। ਜੇਕਰ ਤੇਲ ਦਾ ਰੰਗ ਬਹੁਤ ਗੂੜ੍ਹਾ ਜਾਂ ਅਸਧਾਰਣ ਹੋਵੇ, ਤਾਂ ਇਹ ਮਿਲਾਵਟ ਦੀ ਨਿਸ਼ਾਨੀ ਹੋ ਸਕਦਾ ਹੈ। ਗੰਧ ਦੀ ਜਾਂਚ: ਅਸਲੀ ਤੇਲ ਵਿੱਚ ਹਲਕੀ ਅਤੇ ਕੁਦਰਤੀ ਖੁਸ਼ਬੂ ਹੁੰਦੀ ਹੈ। ਜੇਕਰ ਤੇਲ ਵਿੱਚ ਤੇਜ਼, ਰਸਾਇਣਕ ਜਾਂ ਅਜੀਬ ਗੰਧ ਆਏ, ਤਾਂ ਇਹ ਨਕਲੀ ਜਾਂ ਖਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ। ਬਦਬੂ ਅਤੇ ਸੜਨ ਦੀ ਨਿਸ਼ਾਨੀ: ਜੇਕਰ ਤੇਲ ਵਿੱਚੋਂ ਮੱਛੀ ਵਰਗੀ ਜਾਂ ਅਸਹਿਜ ਬਦਬੂ ਆਉਂਦੀ ਹੈ, ਤਾਂ ਇਹ ਪੁਰਾਣੇ ਜਾਂ ਵਾਰ-ਵਾਰ ਵਰਤੇ ਗਏ ਤੇਲ ਦੀ ਨਿਸ਼ਾਨੀ ਹੋ ਸਕਦੀ ਹੈ। ਇਹ ਆਮ ਤੌਰ ‘ਤੇ ਤੇਲ ਦੇ ਆਕਸੀਕਰਨ ਕਾਰਨ ਹੁੰਦਾ ਹੈ। ਬਣਤਰ (ਟੈਕਸਚਰ): ਅਸਲੀ ਤੇਲ ਹਲਕਾ ਅਤੇ ਪਤਲਾ ਹੁੰਦਾ ਹੈ, ਜਦਕਿ ਨਕਲੀ ਜਾਂ ਮਿਲਾਵਟੀ ਤੇਲ ਆਮ ਤੌਰ ‘ਤੇ ਮੋਟਾ ਅਤੇ ਚਿਪਚਿਪਾ ਦਿਖਾਈ ਦਿੰਦਾ ਹੈ। ਮਿਲਾਵਟ ਦੇ ਸੰਕੇਤ: ਕਈ ਵਾਰ ਨਕਲੀ ਤੇਲ ਵਿੱਚ ਚਰਬੀ ਜਾਂ ਆਟੇ ਵਰਗੇ ਪਦਾਰਥ ਮਿਲਾਏ ਜਾਂਦੇ ਹਨ, ਜਿਸ ਨਾਲ ਇਸਦੀ ਗਾੜ੍ਹਾਪਣ ਵੱਧ ਜਾਂਦਾ ਹੈ। ਅਜਿਹਾ ਤੇਲ ਅਸਲੀ ਤੇਲ ਨਾਲੋਂ ਵੱਧ ਮੋਟਾ ਅਤੇ ਅਸਮਾਨ ਬਣਤਰ ਵਾਲਾ ਹੁੰਦਾ ਹੈ। ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਉਪਭੋਗਤਾ ਸਿਰਫ਼ ਭਰੋਸੇਯੋਗ ਬ੍ਰਾਂਡ ਅਤੇ ਪ੍ਰਮਾਣਿਤ ਉਤਪਾਦ ਹੀ ਖਰੀਦਣ ਅਤੇ ਤੇਲ ਦੀ ਗੁਣਵੱਤਾ ‘ਤੇ ਧਿਆਨ ਦੇਣ, ਤਾਂ ਜੋ ਸਿਹਤ ਨਾਲ ਜੁੜੇ ਖ਼ਤਰੇ ਤੋਂ ਬਚਿਆ ਜਾ ਸਕੇ।