ਧੂਰੀ ਦੇ ਪਿੰਡ ਭਸੌੜ ਵਿਖੇ 40 ਲੱਖ ਰੁਪਏ ਨਾਲ ਬਣਿਆ ਅਤਿ ਆਧੁਨਿਕ ਸਹੂਲਤਾਂ ਵਾਲਾ ਖੇਡ ਮੈਦਾਨ
- ਸੰਗਰੂਰ
- (Asia/Kolkata)
ਕਿਹਾ, ਨਵੇਂ ਖੇਡ ਮੈਦਾਨਾਂ 'ਚੋਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਧੂਰੀ ਹਲਕੇ ਦੇ ਪਿੰਡ ਭਸੌੜ ਵਿਖੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਮੈਦਾਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁਲੀ, ਵਕਫ ਬੋਰਡ ਮੈਂਬਰ ਡਾ. ਅਨਵਰ ਭਸੌੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਛਪਾਲ ਸਿੰਘ, ਹਰਜਿੰਦਰ ਸਿੰਘ ਕਾਂਝਲਾ ਅਤੇ ਗਗਨ ਜਵੰਧਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਖੇਡ ਮੈਦਾਨ ਨੂੰ ਸਮਰਪਿਤ ਕਰਦਿਆਂ ਸੁਖਵੀਰ ਸਿੰਘ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਰਚੂਅਲ ਤਰੀਕੇ ਨਾਲ ਸੂਬੇ ਭਰ ਵਿੱਚ 250 ਖੇਡ ਮੈਦਾਨ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 15 ਜੁਲਾਈ ਤੱਕ ਸੂਬੇ ਵਿੱਚ 3100 ਖੇਡ ਮੈਦਾਨ/ਸਟੇਡੀਅਮ ਤਿਆਰ ਹੋ ਜਾਣਗੇ, ਜਿੱਥੇ ਸਾਡੇ ਪਿੰਡਾਂ ਦੇ ਨੌਜਵਾਨ ਤਿਆਰੀ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਅੱਠਵੀਂ ਕਲਾਸ ਦੀ ਵਿਦਿਆਰਥਣ ਸਹਿਜ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉਸ ਨੇ ਛੋਟੀ ਉਮਰ ਵਿੱਚ ਕੌਮੀ ਪੱਧਰ 'ਤੇ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਹੋਰ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਧੂਰੀ ਬਲਾਕ ਦੇ ਨਾਲ-ਨਾਲ ਸ਼ੇਰਪੁਰ ਬਲਾਕ ਦੇ ਪਿੰਡ ਇੰਨਾਬਾਜਵਾ ਵਿੱਚ ਵੀ ਇੱਕ ਹੋਰ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਪਿੰਡ ਦੇ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਵੀ ਪ੍ਰਦਾਨ ਕੀਤਾ। ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਵਿੱਚ ਲਾਇਬਰੇਰੀਆਂ ਸਥਾਪਿਤ ਕਰਕੇ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਵਧਾਈ ਗਈ ਹੈ ਅਤੇ ਨਾਲ ਹੀ ਖੇਡ ਮੈਦਾਨ ਬਣਾਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਗਿਆ ਹੈ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਕੌਮਾਂਤਰੀ ਵੈਟਰਨ ਖਿਡਾਰੀ ਅਤੇ ਚੇਅਰਮੈਨ ਰਾਜਵੰਤ ਸਿੰਘ ਘੁਲੀ ਨੇ ਕਿਹਾ ਕਿ ਖੇਡਾਂ ਮਨੁੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਇਹ ਸਰੀਰਕ ਤਾਕਤ ਦੇ ਨਾਲ-ਨਾਲ ਮਾਨਸਿਕ ਮਜ਼ਬੂਤੀ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਰੋਜ਼ਾਨਾ ਖੇਡ ਮੈਦਾਨ ਵਿੱਚ ਆ ਕੇ ਪ੍ਰੈਕਟਿਸ ਕਰਨ ਲਈ ਪ੍ਰੇਰਿਤ ਕੀਤਾ। ਪਿੰਡ ਭਸੌੜ ਦੇ ਵਸਨੀਕ ਅਤੇ ਵਕਫ ਬੋਰਡ ਮੈਂਬਰ ਡਾ. ਅਨਵਰ ਭਸੌੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਪਿੰਡ ਨੂੰ ਚਾਰ ਕਰੋੜ ਰੁਪਏ ਤੋਂ ਵੱਧ ਦੀਆਂ ਗਰਾਂਟਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਪਿੰਡ ਵਿੱਚ ਲਾਇਬਰੇਰੀ, ਕਮਿਊਨਿਟੀ ਸੈਂਟਰ ਅਤੇ ਖੇਡ ਮੈਦਾਨ ਵਰਗੀਆਂ ਆਧੁਨਿਕ ਸਹੂਲਤਾਂ ਮੁਹੱਈਆ ਹੋਈਆਂ ਹਨ। ਇਸ ਮੌਕੇ ਬੀ.ਡੀ.ਪੀ.ਓ. ਸੁਖਵਿੰਦਰ ਸਿੰਘ, ਪਰਮਜੀਤ ਕੌਰ, ਬਹਾਦਰ ਸਿੰਘ, ਕਰਮਜੀਤ ਸਿੰਘ, ਐਡਵੋਕੇਟ ਹੈਪੀ ਗਰਗ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
Leave a Reply