Daily Suraj

ਪੰਜਾਬੀ

ਕੈਨੇਡਾ 'ਚ ਪੰਜਾਬੀ ਮੂਲ ਦੇ ਪੁਲੀਸ ਅਫ਼ਸਰ ਓਪਿੰਦਰ ਕੂਨਰ ਦਾ ਵੱਡਾ ਸਨਮਾਨ; ਬੰਧਕ ਬਣਾ ਕੇ ਰੱਖੀਆਂ ਔਰਤਾਂ ਦੀ ਬਚਾਈ ਸੀ ਜਾਨ

07 Oct, 2026 10:51 AM

ਕੈਨੇਡਾ ਵਿੱਚ ਪੰਜਾਬੀ ਮੂਲ ਦੇ ਪੁਲੀਸ ਅਫ਼ਸਰ ਕਾਂਸਟੇਬਲ ਓਪਿੰਦਰ ਕੂਨਰ ਅਤੇ ਉਨ੍ਹਾਂ ਦੇ ਤਿੰਨ ਸਾਥੀ ਅਧਿਕਾਰੀਆਂ ਨੂੰ ਇੱਕ ਖ਼ਤਰਨਾਕ ਵਾਰਦਾਤ ਦੌਰਾਨ ਦੋ ਔਰਤਾਂ ਦੀ ਜਾਨ ਬਚਾਉਣ ਅਤੇ ਅਮੀਰ ਬਹਾਦਰੀ ਦਾ ਪ੍ਰਦਰਸ਼ਨ ਕਰਨ ਬਦਲ 'ਚੀਫ਼ ਕਾਂਸਟੇਬਲ ਸਾਈਟੇਸ਼ਨ' (Chief Constable's Citation) ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਵੈਨਕੂਵਰ ਪੁਲੀਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਦਸੰਬਰ 2024 ਵਿੱਚ ਵਾਪਰੀ ਸੀ, ਜਿਸ ਦੀ ਮੁਕੰਮਲ ਜਾਂਚ ਅਤੇ ਪੀੜਤਾਂ ਦੇ ਬਿਆਨਾਂ ਤੋਂ ਬਾਅਦ ਅਧਿਕਾਰੀਆਂ ਨੂੰ ਇਹ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 4 ਦਸੰਬਰ 2024 ਦੀ ਸਵੇਰ ਨੂੰ 911 'ਤੇ ਇਤਲਾਹ ਮਿਲੀ ਸੀ ਕਿ ਇੱਕ ਸ਼ੱਕੀ ਵਿਅਕਤੀ ਨੇ ਡਾਊਨਟਾਊਨ ਦੇ ਇੱਕ ਰੈਸਟੋਰੈਂਟ ਵਿੱਚ ਦਾਖਲ ਹੋ ਕੇ ਸ਼ਰਾਬ ਅਤੇ ਚਾਕੂ ਚੋਰੀ ਕਰ ਲਏ ਹਨ। ਸੂਚਨਾ ਮਿਲਦੇ ਹੀ ਕਾਂਸਟੇਬਲ ਓਪਿੰਦਰ ਕੂਨਰ, ਰਾਈਲੀ ਨੈਲਮਜ਼, ਬਰਾਇਨ ਰੌਗਰ ਅਤੇ ਮਾਈਕਲ ਵੂ ਮੌਕੇ 'ਤੇ ਪਹੁੰਚੇ। ਇਸੇ ਦੌਰਾਨ ਸ਼ੱਕੀ ਵਿਅਕਤੀ ਸਾਹਮਣੇ ਸਥਿਤ ਇੱਕ ਸਟੋਰ ਵਿੱਚ ਵੜ ਗਿਆ, ਜਿੱਥੇ ਉਸ ਨੇ ਇੱਕ ਮਹਿਲਾ ਕਰਮਚਾਰੀ ਦੇ ਸਿਰ, ਪਿੱਠ ਅਤੇ ਹੱਥ 'ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਜ਼ਖ਼ਮੀ ਔਰਤ ਅਤੇ ਉਸ ਦੀ ਇੱਕ ਹੋਰ ਸਾਥੀ ਮਹਿਲਾ ਕਰਮਚਾਰੀ ਹਮਲਾਵਰ ਨਾਲ ਸਟੋਰ ਦੇ ਅੰਦਰ ਹੀ ਫਸ ਗਈਆਂ ਸਨ। ਮੌਕੇ 'ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਸਟੋਰ ਅੰਦਰ ਦਾਖਲ ਹੋ ਕੇ ਸਥਿਤੀ ਨੂੰ ਸ਼ਾਂਤ ਕਰਨ ਅਤੇ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਕੋਸ਼ਿਸ਼ ਨਾਕਾਮ ਰਹੀ ਤਾਂ ਇੱਕ ਕਾਂਸਟੇਬਲ ਨੇ 'ਟੇਜ਼ਰ' (ਕੰਡਕਟਿਡ ਐਨਰਜੀ ਵੈਪਨ) ਦੀ ਵਰਤੋਂ ਕੀਤੀ, ਪਰ ਹਮਲਾਵਰ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਜਿਵੇਂ ਹੀ ਉਹ ਹਮਲਾਵਰ ਚਾਕੂ ਲੈ ਕੇ ਦੋਵਾਂ ਔਰਤਾਂ ਵੱਲ ਦੁਬਾਰਾ ਝਪਟਣ ਲੱਗਾ, ਤਾਂ ਦੂਜੇ ਕਾਂਸਟੇਬਲ ਨੇ ਗੋਲੀ ਚਲਾ ਕੇ ਖ਼ਤਰੇ ਨੂੰ ਤੁਰੰਤ ਖ਼ਤਮ ਕਰ ਦਿੱਤਾ। ਗੋਲੀ ਲੱਗਣ ਕਾਰਨ ਸ਼ੱਕੀ ਹਮਲਾਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪੁਲੀਸ ਅਧਿਕਾਰੀਆਂ ਨੇ ਤੁਰੰਤ ਪੀੜਤ ਔਰਤਾਂ ਨੂੰ ਡਾਕਟਰੀ ਮਦਦ ਅਤੇ ਪ੍ਰਾਇਮਰੀ ਸਹਾਇਤਾ ਮੁਹੱਈਆ ਕਰਵਾਈ। ਦੋ ਔਰਤਾਂ ਨੂੰ ਜਾਨਲੇਵਾ ਖ਼ਤਰੇ ਤੋਂ ਸੁਰੱਖਿਅਤ ਬਾਹਰ ਕੱਢਣ ਅਤੇ ਵੇਲੇ ਸਿਰ ਲਏ ਗਏ ਨਿਰਣਾਇਕ ਫੈਸਲੇ ਲਈ ਵੈਨਕੂਵਰ ਪੁਲੀਸ ਵਿਭਾਗ ਵੱਲੋਂ ਕਾਂਸਟੇਬਲ ਓਪਿੰਦਰ ਕੂਨਰ, ਰਾਈਲੀ ਨੈਲਮਜ਼, ਬਰਾਇਨ ਰੌਗਰ ਅਤੇ ਮਾਈਕਲ ਵੂ ਦੀ ਬਹਾਦਰੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ।

Latest News